ਹਰਦਮ ਮਾਨ
ਸਰੀ, 20 ਨਵੰਬਰ 2020 - ਬੀ ਸੀ ਦੀ ਮੁੱਖ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਸੂਬੇ ਵਿਚ ਕੋਵਿਡ-19 ਕੇਸਾਂ ਦੇ ਫੈਲਾਅ ਨੂੰ ਰੋਕਣ ਲਈ ਕੁਝ ਪਾਬੰਦੀਆਂ ਸਖਤ ਕਰਨ ਦਾ ਐਲਾਨ ਕੀਤਾ ਹੇ ਅਤੇ ਇਹ ਪਾਬੰਦੀਆਂ 7 ਦਸੰਬਰ ਤੱਕ ਲਾਗੂ ਰਹਿਣਗੀਆਂ।
ਸਿਹਤ ਅਧਿਕਾਰੀਆਂ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਤਹਿਤ ਹੁਣ ਪੂਰੇ ਸੂਬੇ ਦੇ ਸਟੋਰਾਂ ਵਿਚ ਮਾਸਕ ਪਹਿਨਣਾ ਲਾਜ਼ਮੀ ਕਰਾਰ ਕਰ ਦਿੱਤਾ ਗਿਆ ਹੈ। ਵਿਆਹ ਸਮਾਗਮਾਂ ਅਤੇ ਸਸਕਾਰ ਦੇ ਮੌਕਿਆਂ ਉਪਰ 10 ਲੋਕਾਂ ਦੀ ਹੱਦ ਮਿਥੀ ਹੈ ਜਿਹਨਾਂ ਵਿਚ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ 7 ਤੋਂ ਵੱਧ ਨਹੀਂ ਹੋਵੇਗੀ। ਧਾਰਮਿਕ ਸਥਾਨ ਵੱਡੇ ਇਕੱਠਾਂ ਲਈ ਬੰਦ ਰਹਿਣਗੇ ਜਦੋਂਕਿ ਹਰ ਕਿਸਮ ਦੇ ਵੱਡੇ ਸਮਾਗਮਾਂ ਉਪਰ ਪਾਬੰਦੀ ਲਗਾ ਦਿੱਤੀ ਹੈ। ਇਨਡੋਰ ਸਟੇਡੀਅਮਾਂ ਵਿਚ ਵੀ ਦਰਸ਼ਕਾਂ ਉਪਰ ਪਾਬੰਦੀ ਰਹੇਗੀ। ਇਨਡੋਰ ਐਲੀਵੇਟਰਾਂ ਅਤੇ ਰਿਟੇਲ ਸਟੋਰਾਂ ਵਿਚ ਗਾਹਕ ਮਾਸਕ ਪਹਿਨਕੇ ਹੀ ਜਾ ਸਕਣਗੇ।
ਸੂਬੇ ਦੇ ਸੈਲਾਨੀ ਸਥਾਨਾਂ ਵਿਸ਼ੇਸ਼ ਕਰਕੇ ਵਿਸਲਰ ਅਤੇ ਟੋਫੀਨੋ ਵਿਖੇ ਸੈਲਾਨੀਆਂ ਦੇ ਜਾਣ ਉਪਰ ਰੋਕ ਰਹੇਗੀ। ਇਸ ਦੌਰਾਨ ਸਕੂਲ ਖੁੱਲੇ ਰਹਿਣਗੇ ਭਾਵੇਂ ਕਿ ਸਕੂਲਾਂ ਵਿਚ ਕੋਵਿਡ ਨਾਲ ਪ੍ਰਭਾਵਿਤ 261 ਕੇਸ ਰਿਪੋਰਟ ਹੋਏ ਹਨ।
ਸਿਹਤ ਵਿਭਾਗ ਵੱਲੇਂ ਇਹ ਤਾਜ਼ਾ ਪਾਬੰਦੀਆਂ ਕੋਵਿਡ ਕੇਸਾਂ ਵਿਚ ਲਗਾਤਾਰ ਵਾਧੇ ਕਾਰਨ ਲਾਈਆਂ ਗਈਆਂ ਹਨ।
ਵਰਨਣਯੋਗ ਹੈ ਕਿ ਅੱਜ ਸੂਬੇ ਵਿਚ ਕੋਰੋਨਵਾਇਰਸ ਦੇ 538 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਕ ਹੋਰ ਪੀੜਤ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਵਾਇਰਸ ਦੇ 6,929 ਐਕਟਿਵ ਕੇਸ ਹਨ। ਹਸਪਤਾਲਾਂ ਵਿੱਚ ਦਾਖ਼ਲ 217 ਮਰੀਜ਼ਾਂ ਨੇ ਵੀ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ,ਜਿਨ੍ਹਾਂ ਵਿੱਚੋਂ 59 ਆਈਸੀਯੂ ਵਿਚ ਜ਼ੇਰੇ-ਇਲਾਜ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com