ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਨਵੰਬਰ,2020- ਜ਼ਿਲ੍ਹਾ ਗੁਰਦਾਸਪੁਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ। ਜਿੱਥੇ ਜ਼ਿਲ੍ਹੇ ਵਿਖੇ ਰਹਿਣ ਵਾਲੀ ਇੱਕ 14 ਸਾਲਾ ਨਾਬਾਲਗ ਲੜਕੀ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਫ਼ਿਲਹਾਲ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵੀ ਅਧਿਕਾਰੀ ਜਾਂ ਪੀੜਤ ਪਰਿਵਾਰ ਪੂਰੇ ਮਾਮਲੇ ਸਬੰਧੀ ਖੁਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ।
ਪੀੜਤ ਪਰਿਵਾਰ ਨਾਲ ਕੀਤੀ ਗਈ ਗੱਲ ਬਾਤ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇਹ 14 ਸਾਲਾ ਪੀੜਤ ਬੱਚੀ ਆਪਣੀ ਮਾਂ ਨਾਲ ਕਿਸੇ ਦੇ ਘਰ ਕੰਮ ਕਰਨ ਲਈ ਜਾਇਆ ਕਰਦੀ ਸੀ ਅਤੇ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸੇ ਦੌਰਾਨ ਹੀ ਮਕਾਨ ਮਾਲਕ ਦੇ ਬੇਟੇ ਵੱਲੋਂ ਇਸ ਮਾਸੂਮ ਨਾਲ ਬਦਫੈਲੀ ਕੀਤੀ ਗਈ। ਜਿਸ ਤੋਂ ਬਾਦ ਇਹ 14 ਸਾਲਾ ਬੱਚੀ ਗਰਭਵਤੀ ਹੋ ਗਈ। ਇਸ ਤੋਂ ਬਾਅਦ ਬੀਤੇ ਬੁੱਧਵਾਰ ਦੇਰ ਰਾਤ ਇਸ ਲੜਕੀ ਦੇ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਮਗਰੋਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਫ਼ਿਲਹਾਲ ਜੱਚਾ ਅਤੇ ਬੱਚਾ ਦੋਵੇਂ ਸਵਸਥ ਦੱਸੇ ਜਾ ਰਹੇ ਹਨ।
ਉੱਥੇ ਦੂਜੇ ਪਾਸੇ ਸਬੰਧਿਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਨ੍ਹਾਂ ਦਾ ਕਹਿਣਾ ਹੈ। ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।