ਲੁਧਿਆਣਾ, 20 ਨਵੰਬਰ 2020 - ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਪੀ.ਏ.ਯੂ. ਦੇ ਧਰਨਾਕਾਰੀ ਮੁਲਾਜ਼ਮਾਂ ਨੂੰ ਗੱਲਬਾਤ ਦੀ ਅਪੀਲ ਕੀਤੀ। ਸਮੁੱਚੇ ਸਟਾਫ ਨੂੰ ਆਨਲਾਈਨ ਸੰਬੋਧਨ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਜਾਂ ਕੋਈ ਵੀ ਸੰਸਥਾਂ ਇੱਕ ਪਰਿਵਾਰ ਵਾਂਗ ਹੁੰਦੀ ਹੈ। ਜਿਸ ਤਰ੍ਹਾਂ ਪਰਿਵਾਰ ਦੇ ਜੀਆਂ ਦੇ ਵਿਚਾਰ ਇੱਕ ਦੂਜੇ ਨਾਲੋਂ ਭਿੰਨ ਹੋ ਸਕਦੇ ਹਨ, ਉਸੇ ਤਰ੍ਹਾਂ ਸੰਸਥਾਂ ਵਿੱਚ ਵੀ ਇੱਕ ਤੋਂ ਵਿਰੋਧੀ ਵਿਚਾਰਾਂ ਵਾਲੇ ਲੋਕ ਹੁੰਦੇ ਹਨ ਪਰ ਸੰਸਥਾਂ ਦੀ ਬਿਹਤਰੀ ਲਈ ਵਿਚਾਰਾਂ ਨੂੰ ਕਿਸੇ ਸਾਂਝੇ ਸਿੱਟੇ ਤੇ ਲਿਜਾਣਾ ਜ਼ਰੂਰੀ ਹੁੰਦਾ ਹੈ। ਉਹਨਾਂ ਨੇ ਮੁਲਾਜ਼ਮਾਂ ਦੀ ਮੰਗਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਵਿੱਚ ੯ ਜੁਲਾਈ ੨੦੧੨ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਜਾਂ ਨਵੀਂ ਨਿਯੁਕਤ ਹੋਏ ਅਮਲੇ ਨੂੰ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਗਈ ਹੈ ਜਦਕਿ ਇਸ ਮੰਗ ਦੀ ਪੂਰਤੀ ਪੰਜਾਬ ਸਰਕਾਰ ਦੀਆਂ ਨੀਤੀਆਂ ਉੱਪਰ ਨਿਰਭਰ ਕਰਦੀ ਹੈ।
ਡਾ. ਢਿੱਲੋਂ ਨੇ ਕਿਹਾ ਕਿ ਨਾਨ-ਟੀਚਿੰਗ ਮੁਲਾਜ਼ਮਾਂ ਵੱਲੋਂ ਅਕਾਊਂਟ ਅਫਸਰ, ਅਸਿਸਟੈਂਟ ਅਡਿਮਿਨਸਟ੍ਰੇਸ਼ਨ-ਕਮ-ਅਕਾਊਂਟ ਅਫਸਰ ਅਤੇ ਸੁਪਰਡੈਂਟ ਦੀਆਂ ਤਰੱਕੀਆਂ ਸੰਬੰਧੀ ਹੁਕਮ ਸਤੰਬਰ ਵਿੱਚ ਜਾਰੀ ਕਰ ਦਿੱਤੇ ਗਏ ਹਨ ਜਦਕਿ ਸੀਨੀਅਰ ਅਸਿਸਟੈਂਟਾਂ ਦੀ ਤਰੱਕੀ ਪ੍ਰਕਿਰਿਆ ਵਿੱਚ ਹੈ। ਡਾ. ਢਿੱਲੋਂ ਨੇ ਕਿਹਾ ਕਿ ਕਲਰਕ ਅਤੇ ਜੂਨੀਅਰ ਅਸਿਸਟੈਂਟਾਂ ਦੀਆਂ ੨੬੭ ਵਿੱਚੋਂ ੧੪੦ ਅਸਾਮੀਆਂ ਉੱਪਰ ਨਿਯੁਕਤੀ ਹੈ ਜੋ ੫੨.੪ ਪ੍ਰਤੀਸ਼ਤ ਬਣਦੀ ਹੈ। ਇਸੇ ਤਰ੍ਹਾਂ ਸੀਨੀਅਰ ਅਸਿਸਟੈਂਟਾਂ ਦੀਆਂ ੨੨੯ ਵਿੱਚੋਂ ੧੬੫ ਅਸਾਮੀਆਂ ਪੁਰ ਹਨ ਜੋ ੭੩ ਪ੍ਰਤੀਸ਼ਤ ਬਣਦੀਆਂ ਹਨ । ਉਹਨਾਂ ਅੱਗੇ ਕਿਹਾ ਕਿ ੨੨ ਜਨਵਰੀ ੨੦੧੯ ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਐਗਰੀਕਲਚਰ ਫੀਲਡ ਦੀਆਂ ੧੦ ਅਸਾਮੀਆਂ ਪੈਦਾ ਕੀਤੀਆਂ ਗਈਆਂ ਅਤੇ ਭਰੀਆਂ ਗਈਆਂ।
ਇਸੇ ਤਰ੍ਹਾਂ ਲੈਬ ਅਟੈਂਟਾਂ ਦੀ ਤਰੱਕੀ ਬਾਰੇ ਵਾਈਸ ਚਾਂਸਲਰ ਨੇ ਪਿਛਲੇ ਸਾਲਾਂ ਵਿੱਚ ਕੀਤੇ ਗਏ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਕਿਹਾ ਕਿ ਇਹ ਸਾਰੇ ਕੰਮ ਸਿਲਸਿਲੇ ਵਾਰ ਢੰਗ ਨਾਲ ਕੀਤੇ ਗਏ ਹਨ ਜਾਂ ਕੀਤੇ ਜਾ ਰਹੇ ਹਨ। ਡਾ. ਢਿੱਲੋਂ ਨੇ ਕਾਰ ਸੁਪਰ ਵਾਈਜ਼ਰਾਂ ਦੀਆਂ ਅਸਾਮੀਆਂ ਦੀ ਪ੍ਰਵਾਨਗੀ ਦਾ ਵੀ ਜ਼ਿਕਰ ਕੀਤਾ ਅਤੇ ਨਾਲ ਹੀ ਕਿਹਾ ਕਿ ਪੀ.ਏ.ਯੂ. ਪ੍ਰਸ਼ਾਸ਼ਨ ਵੱਲੋਂ ਮੁਲਾਜ਼ਮਾਂ ਨਾਲ ਹਮਦਰਦੀ ਵਾਲੇ ਰਵੱਈਏ ਨਾਲ ਸੋਚਿਆ ਜਾ ਰਿਹਾ ਹੈ। ਉਹਨਾਂ ਨੇ ਧਰਨਾਕਾਰੀ ਮੁਲਾਜ਼ਮਾਂ ਦੇ ਅੰਦੋਲਨ ਨੂੰ ਗੈਰ ਜ਼ਰੂਰੀ ਕਿਹਾ ਅਤੇ ਯੂਨੀਵਰਸਿਟੀ ਦੀ ਬਿਹਤਰੀ ਲਈ ਗੱਲਬਾਤ ਦਾ ਸੱਦਾ ਦਿੱਤਾ। ਡਾ. ਢਿੱਲੋਂ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੇ ਗੱਲਬਾਤ ਲਈ ਆਉਣ ਦਾ ਉਹ ਸਵਾਗਤ ਕਰਦੇ ਹਨ ਪਰ ਨਾਲ ਹੀ ਯੂਨੀਵਰਸਿਟੀ ਦਾ ਮਾਹੌਲ ਖਰਾਬ ਨਾ ਕਰਨ ਦੀ ਅਪੀਲ ਵੀ ਕੀਤੀ।
ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹਮਦਰਦੀ ਪੂਰਨ ਤਰੀਕੇ ਨਾਲ ਸੋਚਦੇ ਹਨ। ਉਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਇਹਨਾਂ ਮੰਗਾਂ ਦੀ ਪੂਰਤੀ ਸੰਬੰਧੀ ਇੱਕ ਸਾਰਣੀ ਜਾਰੀ ਕੀਤੀ ਜਿਸ ਵਿੱਚ ਯੂਨੀਅਨਾਂ ਵੱਲੋਂ ਕੀਤੀਆਂ ਮੰਗਾਂ ਨੂੰ ਸਹੀ ਤੱਥਾਂ ਦੀ ਰੋਸ਼ਨੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।