ਸੰਜੀਵ ਸੂਦ
- ਮੁਲਾਜ਼ਮਾਂ ਨੇ ਕਿਹਾ ਮੁਆਫੀ ਮੰਗਣ ਵਾਈਸ-ਚਾਂਸਲਰ
ਲੁਧਿਆਣਾ, 20 ਨਵੰਬਰ 2020 - ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸਟਾਫ ਬੀਤੇ ਕਈ ਦਿਨਾਂ ਤੋਂ ਧਰਨੇ ਉੱਤੇ ਡਟਿਆ ਹੋਇਆ ਹੈ, ਇਸ ਨੂੰ ਲੈ ਕੇ ਇਹ ਮੁਲਾਜ਼ਮ ਕੱਲ ਥਾਪਰ ਹਾਲ ਦੇ ਦਰਵਾਜ਼ੇ ਅੱਗੇ ਧਰਨੇ 'ਤੇ ਬੈਠੇ ਸਨ, ਪਰ ਵਾਈਸ-ਚਾਂਸਲਰ ਯੂਨੀਵਰਸਿਟੀ ਜਦੋਂ ਹਾਲ ਵਿਚ ਦਾਖਲ ਹੋਣ ਲੱਗੇ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਪਾਸੇ ਕਰਨ ਦੀ ਥਾਂ ਇਹਨਾਂ ਦੇ ਉੱਤੋਂ ਦੀ ਲੰਘ ਗਏ, ਕਈ ਮੁਲਾਜ਼ਮਾਂ ਨੂੰ ਇਸ ਕਾਰਨ ਹਲਕੀਆਂ ਸੱਟਾਂ ਵੀ ਵੱਜੀਆਂ, ਏਥੋਂ ਤਕ ਕਿ ਉਨ੍ਹਾਂ ਦੀ ਪੱਗ ਵੀ ਪੈਰਾਂ ਵਿੱਚ ਰੋਲ ਦਿੱਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਵਾਈਸ ਚਾਂਸਲਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਅਤੇ ਨਾਲ ਹੀ ਜੋ ਘਟਨਾ ਹੋਈ ਹੈ ਉਸ ਲਈ ਮੁਆਫੀ ਮੰਗਣ। ਜਦਕਿ ਦੂਜੇ ਪਾਸੇ ਵਾਈਸ-ਚਾਂਸਲਰ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਸੋਸ਼ਲ ਮੀਡੀਆ 'ਤੇ ਲਗਾਤਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਾਈਸ ਚਾਂਸਲਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਜ ਕਈ ਅਖ਼ਬਾਰਾਂ ਦੀ ਸੁਰਖੀਆਂ ਬਣੇ ਹੋਏ ਹਨ। ਯੂਨੀਵਰਸਿਟੀ ਦੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੁਲਾਜ਼ਮ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਕੱਲ੍ਹ ਜਦੋਂ ਥਾਪਰ ਹਾਲ ਦੇ ਬਾਹਰ ਬੈਠੇ ਸਨ ਤਾਂ ਵਾਈਸ-ਚਾਂਸਲਰ ਉਨ੍ਹਾਂ ਦੀਆਂ ਪੱਗਾਂ ਨੂੰ ਰੋਲ ਕੇ ਉਨ੍ਹਾਂ ਦੀ ਛਾਤੀ ਤੇ ਪੈਰ ਧਰ ਕੇ ਅੱਗੇ ਵਧ ਗਏ। ਇਸ ਤੋਂ ਜ਼ਾਹਿਰ ਹੈ ਕਿ ਉਹ ਕਿੰਨੇ ਕੁ ਸੰਜੀਦਾ ਹਨ। ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕੇ ਵਾਈਸ-ਚਾਂਸਲਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਨਾਲ ਕੱਲ੍ਹ ਦੇ ਘਟਨਾ ਕਰਮ ਲਈ ਉਨ੍ਹਾਂ ਤੋਂ ਮੁਆਫੀ ਵੀ ਮੰਗਣ।