← ਪਿਛੇ ਪਰਤੋ
ਟੀਅਰ 1ਲੈਵਲ ਦੇ ਕੈਲੇਫੋਰਨੀਆ ਵਿੱਚ ਲੱਗੇਗਾ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 21 ਨਵੰਬਰ 2020 : ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਰਕੇ ਦੇਸ਼ ਦੇ ਸੂਬੇ ਕੈਲੇਫੋਰਨੀਆ ਵਿੱਚ ਕਈ ਖੇਤਰਾਂ ਨੂੰ ਪਿਛਲੇ ਦਿਨੀਂ ਵਾਪਸ ਜ਼ਿਆਦਾ ਪਾਬੰਦੀਆਂ ਵਾਲੇ ਜ਼ਾਮਨੀ ਰੰਗ ਦੇ ਟੀਅਰ 1 ਲੈਵਲ ਵਿੱਚ ਸ਼ਾਮਿਲ ਕੀਤਾ ਗਿਆ ਸੀ। ਜਿਸ ਦੇ ਅਧੀਨ ਹੁਣ ਲਗਭਗ ਸਾਰੇ ਕੈਲੇਫੋਰਨੀਆ ਵਾਸੀ ਰਾਤ ਦੇ ਕਰਫ਼ਿਊ ਦਾ ਸਾਹਮਣਾ ਕਰਨਗੇ। ਰਾਜ ਦੇ ਗਵਰਨਰ ਗੈਵਿਨ ਨਿਊਸਮ ਦੇ ਦਫ਼ਤਰ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਇਸ ਕਰਫ਼ਿਊ ਦਾ ਐਲਾਨ ਵੀਰਵਾਰ ਨੂੰ ਕੀਤਾ। ਇਹ ਪਾਬੰਦੀ ਸੂਬੇ ਦੇ 94% ਵਸਨੀਕਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗੀ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਡਾ. ਮਾਰਕ ਘਾਲੀ ਅਨੁਸਾਰ ਲੋਕਾਂ ਨੂੰ ਕੁੱਝ ਜ਼ਰੂਰੀ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਪਰ ਗੈਰ ਜ਼ਰੂਰੀ ਕਾਰੋਬਾਰਾਂ ਅਤੇ ਗਤੀਵਿਧੀਆਂ 'ਤੇ ਪਾਬੰਦੀ ਹੋਵੇਗੀ, ਇਸਦੇ ਨਾਲ ਹੀ ਰੈਸਟੋਰੈਂਟਾਂ ਨੂੰ ਬਾਹਰੀ ਖਾਣਾ 10 ਵਜੇ ਬੰਦ ਕਰਨਾ ਪਵੇਗਾ। ਕੈਲੇਫੋਰਨੀਆ ਦੀਆਂ ਬਹੁਤ ਸਾਰੀਆਂ ਕਾਊਂਟੀਜ਼ ਇਸ ਸਮੇਂ ਜ਼ਾਮਨੀ ਲੈਵਲ ਵਿੱਚ ਹਨ ਜਿੱਥੇ ਇਹ ਪਾਬੰਦੀ 21 ਨਵੰਬਰ ਤੋਂ 21 ਦਸੰਬਰ ਤੱਕ ਇਕ ਮਹੀਨੇ ਲਈ ਲਾਗੂ ਰਹੇਗੀ। ਘਾਲੀ ਅਨੁਸਾਰ ਕੈਲੇਫੋਰਨੀਆ ਵਿੱਚ ਕੋਵਿਡ -19 ਦੇ ਕੇਸ ਦੀਆਂ ਦਰਾਂ ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੇਜ਼ੀ ਨਾਲ ਵੱਧ ਰਹੀਆਂ ਹਨ, ਇਸ ਵਾਧੇ ਦੇ ਪ੍ਰਸਾਰ ਨੂੰ ਰੋਕਣ ਲਈ ਇਹ ਕਰਫ਼ਿਊ ਜ਼ਰੂਰੀ ਹੈ।ਇਸ ਦਾ ਮਕਸਦ ਰਾਤ ਨੂੰ ਹੁੰਦੀਆਂ ਬੇਲੋੜੀਆਂ ਗਤੀਵਿਧੀਆਂ ਨੂੰ ਰੋਕਣਾ ਹੈ ਜਿਸ ਕਰਕੇ ਰਾਜ ਨੂੰ ਉਮੀਦ ਹੈ ਕਿ ਕੇਸ ਦਰਾਂ ਨੂੰ ਕੰਟਰੋਲ ਤੋਂ ਬਾਹਰ ਜਾਣ ਅਤੇ ਹਸਪਤਾਲਾਂ ਨੂੰ ਮਰੀਜ਼ਾਂ ਨਾਲ ਭਰਨ ਤੋਂ ਰੋਕਿਆ ਜਾ ਸਕਦਾ ਹੈ।
Total Responses : 863