ਅਸ਼ੋਕ ਵਰਮਾ
ਮਾਨਸਾ, 21 ਨਵੰਬਰ 2020 : ਮਾਨਸਾ ’ਚ ਟਰੇਡ ਯੂਨੀਅਨ ਆਗੂਆਂ ਦੀ ਮੀਟਿੰਗ ਦੌਰਾਨ ਭਾਰਤ ਦੀਆਂ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸਾਂਝੇ ਸੱਦੇ ’ਤੇ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਾਲੇ ਦਿਨ ਮਾਨਸਾ ’ਚ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ।ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਸੀਟੂ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਉੱਡਤ,ਸੀ ਟੀ ਯੂ ਦੇ ਆਗੂ ਮੇਜਰ ਸਿੰਘ ਦੂਲੋਵਾਲ,ਏਟਕ ਦੇ ਜਿਲ੍ਹਾ ਕਨਵੀਨਰ ਦਰਸ਼ਨ ਸਿੰਘ ਪੰਧੇਰ ,ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੀ ਜਿਲਾ ਸਕੱਤਰ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸਾਮਰਾਜੀ ਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਿਆਂਦੀਆਂ ਵਿਸ਼ਵੀਕਰਨ ਦੀਆਂ ਨੀਤੀਆਂ ਕਾਰਨ ਬੈਂਕਾਂ, ਬੀਮਾ ਨਿਗਮ ,ਏਅਰ ਇੰਡੀਆ, ਐਚ.ਪੀ.ਸੀ.ਐਲ,ਡੀਫੈਂਸ, ਰੇਲਵੇ, ਊਰਜਾ ਖੇਤਰ, ਕੋਲ ਮਾਈਨਜ਼,ਵਿੱਦਿਆ ਅਤੇ ਸਿਹਤ ਸਮੇਤ ਹਰ ਜਨਤਕ ਅਦਾਰੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ,ਖੇਤੀ ਕਾਨੂੰਨਾਂ ਰਾਹੀਂ ਮਜਦੂਰਾਂ ,ਕਿਸਾਨਾਂ ਨੂੰ ਹਾਸ਼ੀਏ ਤੇ ਧੱਕ ਕੇ ਕਾਰਪੋਰੇਟ ਘਰਾਣਿਆਂ ਦੀਆਂ ਗੋਲਕਾਂ ਭਰ ਰਹੀ ਕੇਂਦਰ ਸਰਕਾਰ ਮੁਲਕ ’ਚ ਅਰਾਜਕਤਾ ਫੈਲਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਦੀ ਜਬਰੀ ਪ੍ਰੀਮੈਚੁਅਰ ਰਿਟਾਇਰਮੈਂਟ ਦੇ ਲੋਕ ਮਾਰੂ ਫੈਸਲਿਆਂ ਨੇ ਜਨਤਾ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕੀਤਾ ਹੈ।
ਉਹਨਾਂ ਦੱਸਿਆ ਕਿ ਸਿੱਟੇ ਵਜੋਂ ਸਮੁੱਚੇ ਭਾਰਤ ਵਿੱਚ ਕਿਸਾਨ, ਮਜਦੂਰ, ਮੁਲਾਜਮ, ਭੱਠਾ ਮਜ਼ਦੂਰ, ਉਸਾਰੀ ਮਜਦੂਰ,ਆਂਗਣਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਵਰਕਰ,ਮਿੱਡ ਡੇ ਮੀਲ,ਪੇਂਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ’ਚ ਹਿੱਸਾ ਲੈਣਗੇ । ਉਹਨਾਂ ਦੱਸਿਆ ਕਿ ਟਰੇਡ ਯੂਨੀਅਨਾਂ ਵਰਕਰਾਂ ਸਮੇਤ ਮਾਨਸਾ ਵਿਖੇ 26 ਨਵੰਬਰ ਨੂੰ ਰੇਲਵੇ ਸਟੇਸ਼ਨ ਤੇ ਇਕੱਠੇ ਹੋਕੇ ਠੀਕਰੀਵਾਲਾ ਚੌਂਕ ਤੱਕ ਰੋਸ ਮਾਰਚ ਕਰਨਗੀਆਂ।