ਅਸ਼ੋਕ ਵਰਮਾ
ਬਠਿੰਡਾ, 21 ਨਵੰਬਰ 2020 : ਕਸਬਾ ਭਗਤਾ ਭਾਈਕਾ ’ਚ ਸ਼ੁੱਕਰਵਾਰ ਸ਼ਾਮ ਨੂੰ ਦੋ ਅਣਪਛਾਤਿਆਂ ਵੱਲੋਂ ਆਪਣੀ ਹੀ ਦੁਕਾਨ ’ਚ ਬੈਠੇ ਡੇਰਾ ਸ਼ਰਧਾਲੂ ਮਨੋਹਰ ਲਾਲ (55) ਦਾ ਗੋਲੀਆਂ ਮਾਰਕੇ ਕਤਲ ਕਰਨ ਦੇ ਵਿਰੋਧ ’ਚ ਅੱਜ ਡੇਰਾ ਸ਼ਰਧਾਲੂਆਂ ਨੇ ਲਾਸ਼ ਸੜਕ ਤੇ ਰੱਖ ਕੇ ਧਰਨਾ ਲਾ ਦਿੱਤਾ ਜੋ ਆਖਰੀ ਖਬਰਾਂ ਲਿਖੇ ਜਾਣ ਤੱਕ ਜਾਰੀ ਸੀ। ਇਸ ਮੌਕੇ ਹਾਜਰ ਲੋਕਾਂ ਨੇ ਜਬਰਦਸਤ ਨਾਅਰੇਬਾਜੀ ਦੌਰਾਨ ਕਾਤਲਾਂ ਨੂੰ ਫੌਰੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਪੁਲਿਸ ਮੁਸਤੈਦੀ ਦਿਖਾਉਂਦੀ ਤਾਂ ਮੋਟਰਸਾਈਕਲ ਤੇ ਫਰਾਰ ਹੋਏ ਕਾਤਲਾਂ ਨੂੰ ਫੜਿਆ ਜਾ ਸਕਦਾ ਸੀ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਾਤਲ ਗਿ੍ਰਫਤਾਰ ਨਹੀਂ ਕਰ ਲਈ ਜਾਂਦੇ ਧਰਨਾ ਜਾਰੀ ਰੱਖਿਆ ਜਾਏਗਾ।
ਡੇਰਾ ਸੱਚਾ ਸੌਦਾ ਸਰਸਾ ਦੇ ਪੰਜਾਬ ਵਿਚਲੇ ਡੇਰਾ ਸਲਾਬਤਪੁਰਾ ਅੱਗੇ ਦਿੱਤੇ ਜਾ ਰਹੇ ਇਸ ਧਰਨੇ ਕਾਰਨ ਆਵਾਜਈ ’ਚ ਵਿਘਨ ਪਿਆ ਜਿਸ ਨੂੰ ਬਲਵਿਆਂ ਰਸਤਿਆਂ ਰਾਹੀਂ ਲੰਘਾਇਆ ਗਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਸਿਵਲ ਸਰਜਨ ਬਠਿੰਡਾ ਵੱਲੋਂ ਬਣਾਏ ਸਿਵਲ ਹਸਪਤਾਲ ਬਠਿੰਡਾ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਪ੍ਰੇਮੀ ਮਨੋਹਰ ਲਾਲ ਦੀ ਮਿ੍ਰਤਕ ਦੇਹ ਦਾ ’ਚ ਪੋਸਟਮਾਰਟਮ ਕੀਤਾ ਜਿਸ ਤੋਂ ਬਾਅਦ ਪ੍ਰੀਵਾਰਕ ਮੈਂਬਰ ਲਾਸ਼ ਨੂੰ ਸਲਾਬਤਪੁਰਾ ਲਿਆਏ ਅਤੇ ਧਰਨਾ ਸ਼ੁਰੂ ਕਰ ਦਿੱਤਾ। ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਮੌਕੇ ਤੇ ਪੁੱਜੇ ਅਤੇ ਡੇਰਾ ਪ੍ਰਬੰਧਕਾਂ ਨਾਲ ਲੰਮੀ ਗੱਲਬਾਤ ਕੀਤੀ ਜਿਸ ਦੇ ਬੇਸਿੱਟਾ ਰਹਿਣ ਤੇ ਐਸਐਸਪੀ ਵਾਪਿਸ ਪਰਤ ਆਏ।
ਸਲਾਬਤਪੁਰਾ ਵਿਖੇ ਲੱਗੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਪੰਜਾਬ ਵਿੱਚ ਹੀ ਵਾਪਰੀ ਸੱਤਵੀਂ ਘਟਨਾ ਹੈ।ਉਹਨਾਂ ਦੱਸਿਆ ਕਿ ਹਰ ਵਾਰ ਵਿਸ਼ਵਾਸ਼ ਦਿਵਾਉਂਦਾ ਹੈ ਪ੍ਰੰਤੂ ਬਾਅਦ ਵਿੱਚ ਕਾਰਵਾਈ ਕਿਸੇ ਤਣ ਪੱਤਣ ਨਹੀਂ ਲੱਗਦੀ ਹੈ। ਹਰਚਰਨ ਸਿੰਘ ਨੇ ਆਖਿਆ ਕਿ ਸਾਜਿਸ਼ ਤਹਿਤ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਡੇਰਾ ਸ਼ਰਧਾਲੂਆਂ ਦੇ ਸਿਰ ਮੜਿਆ ਗਿਆ ਹੈ ਜਿਸ ਦਾ ਸ਼ਿਕਾਰ ਮਹਿੰਦਰਪਾਲ ਬਿੱਟੂ ਹੋਏ ਅਤੇ ਜ਼ੇਲ ’ਚ ਹੀ ਉਨਾਂ ਦਾ ਕਤਲ ਕਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਸਮਾਜ ਵਿਰੋਧੀ ਅਨਸਰ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਜੇਕਰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਨਾਂ ਕੀਤੀ ਤਾਂ ਇਸ ਤੋਂ ਵੀ ਵੱਧ ਨੁਕਸਾਨ ਹੋ ਸਕਦਾ ਹੈ। ਉਹਨਾਂ ਆਖਿਆ ਕਿ ਡੇਰਾ ਪ੍ਰੇਮੀਆਂ ਨੂੰ ਸੜਕਾਂ ਤੇ ਬੈਠਣ ਦਾ ਸ਼ੌਕ ਨਹੀਂ ਇਹ ਤਾਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਉਹਨਾਂ ਆਖਿਆ ਕਿ ਡੇਰਾ ਸ਼ਰਧਾਲੂਆਂ ਨੇ ਹਮੇਸ਼ਾ ਹੀ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਹੈ ਪਰ ਉਹ ਜਬਰ ਜੁਲਮ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਅਧਿਕਾਰੀਆਂ ਤੋਂ ਕਾਤਲਾਂ ਨੂੰ ਫੌਰਜੀ ਕਾਬੂ ਕਰਨ ਦੀ ਮੰਗ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਪੁਲਿਸ ਕਾਤਲਾਂ ਨੂੰ ਗਿ੍ਰਫਤਾਰ ਨਹੀਂ ਕਰ ਲੈਂਦੀ ਮਨੋਹਰ ਲਾਲ ਦੀ ਲਾਸ਼ ਦਾ ਅੰਤਮ ਸਸਕਾਰ ਨਹੀਂ ਕੀਤਾ ਜਾਏਗਾ।
ਦੱਸਣਯੋਗ ਹੈ ਕਿ ਸ਼ੁੱਕਵਾਰ ਸ਼ਾਮ ਨੂੰ ਭਗਤਾ ਭਾਈ ਦੇ ਜਤਿੰਦਰਾ ਟੈਲੀਕਾਮ ਤੇ ਦੋ ਪਗੜੀਧਾਰੀ ਮੂੰਹ ਢਕੇ ਮੋਟਰਸਾਈਕਲ ਸਵਾਰਾਂ ਨੇ ਅੰਧਧੁੰਦ ਗੋਲੀਆਂ ਚਲਾਕੇ ਡੇਰਾ ਸ਼ਰਧਾਲੂ ਮਨੋਹਰ ਲਾਲ ਨੂੰ ਕਤਲ ਕਰ ਦਿੱਤਾ ਸੀ। ਉਸ ਨੂੰ ਫੌਰੀ ਤੌਰ ਤੇ ਇਲਾਜ ਲਈ ਬਠਿੰਡਾ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਿਤ੍ਰਕ ਕਰਾਰ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਅਤੇ ਅੱਜ ਸੇਵੇ ਪੋਸਟਮਾਰਟਮ ਕੀਤਾ ਗਿਆ। ਸੋਸ਼ਲ ਮੀਡੀਆ ਫੇਸਬੁੱਕ ਤੇ ਪੋਸਟ ਪਾਕੇ ਗੈਂਗਸਟਰ ਸੁੱਖਾ ਗਿੱਲ ਲੰਮੇ ਗਰੁੱਪ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ ਜਿਸ ਦਾ ਕਾਰਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਦੱਸਿਆ ਹੈ।
ਤਿੰਨ ਮੈਂਬਰੀ ਬੋਰਡ ਨੇ ਕੀਤਾ ਪੋਸਟਮਾਰਟਮ
ਸਿਵਲ ਸਰਜਨ ਬਠਿੰਡਾ ਵੱਲੋਂ ਬਣਾਏ ਬੋਰਡ ਦੇ ਮੈਂਬਰ ਅਤੇ ਸੀਨੀਅਰ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਨੋਹਰ ਲਾਲ ਦੀ ਲਾਸ਼ ਦੇ ਪੋਸਟਮਾਰਟਮ ਦੌਰਾਨ ਦੋ ਗੋਲੀਆਂ ਵੱਜਣ ਦੇ ਤੱਥ ਸਾਹਮਣੇ ਆਏ ਹਨ। ਇਹਨਾਂ ਚੋਂ ਇੱਕ ਗੋਲੀ ਛਾਤੀ ਵਿੱਚ ਵੱਜੀ ਜੋ ਆਰ ਪਾਰ ਹੋ ਗਈ ਜਦੋਂਕਿ ਦੂਸਰੀ ਗੋਲੀ ਸਿਰ ਦੇ ਖੱਬੇ ਪਾਸੇ ਲੱਗੀ ਅਤੇ ਸੱਜੇ ਪਾਸੇ ਫਸ ਗਈ। ਉਹਨਾਂ ਦੱਸਿਆ ਕਿ ਮੌਤ ਗੋਲੀਆਂ ਵੱਜਣ ਕਰਕੇ ਨਿੱਕਲੇੇ ਖੂਨ ਅਤੇ ਸਦਮੇ ਕਾਰਨ ਹੋਈ ਹੈ। ਉਹਨਾਂ ਦੱਸਿਆ ਕਿ ਗੋਲੀ ਬਾਹਰ ਕੱਢਕੇ ਪੁਲਿਸ ਹਵਾਲੇ ਕਰ ਦਿੱਤੀ ਹੈ।
ਭਲਕੇ ਦੁਬਾਰਾ ਗੱਲ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਉਹਨਾਂ ਨੇ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਸੀ ਪਰ ਫਿਲਹਾਲ ਸਫਲਤਾ ਨਹੀਂ ਮਿਲੀ ਹੈ। ਉਹਨਾਂ ਦੱਸਿਆ ਕਿ ਐਤਵਾਰ ਨੂੰ ਦੁਬਾਰਾ ਗੱਲਬਾਤ ਕੀਤੀ ਜਾਏਗੀ। ਉਹਨਾਂ ਦਾਅਵਾ ਕੀਤਾ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਜਾਂਚ ’ਚ ਲੱਗੀ ਹੋਈ ਹੈ ਅਤੇ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦਹੀ ਗਿ੍ਰਫਤਾਰ ਕਰ ਲਿਆ ਜਾਏਗਾ।
ਡੇਰਾ ਸਰਸਾ ਦੇ ਇਹ ਪ੍ਰਬੰਧਕ ਵੀ ਰਹੇ ਹਾਜਰ
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ, ਰਾਜਨੀਤਿਕ ਵਿੰਗ ਦੇ ਮੈਂਬਰ ਬਲਜਿੰਦਰ ਸਿੰਘ ਬਾਂਡੀ, ਬਲਰਾਜ ਸਿੰਘ ਬਾਹੋ, ਪਰਮਜੀਤ ਸਿੰਘ ਨੰਗਲ, ਅਵਤਾਰ ਸਿੰਘ , ਰਵੀ ਕੁਮਾਰ, 45 ਮੈਂਬਰ ਸੰਤੋਖ ਸਿੰਘ, ਬਲਦੇਵ ਿਸ਼ਨ, ਹਰਿੰਦਰ ਮੰਗਵਾਲ ਅਤੇ ਜਤਿੰਦਰ ਮਹਾਸ਼ਾ ਆਦਿ ਹਾਜ਼ਰ ਸਨ।