ਫਰਿਜ਼ਨੋ ਦੇ ਸਟ੍ਰੀਟ ਵਿਕਰੇਤਾ ਦੀ ਦਿਨ ਦਿਹਾੜੇ ਕੀਤੀ ਗੋਲੀ ਮਾਰ ਕੇ ਹੱਤਿਆ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 22 ਨਵੰਬਰ 2020
ਫਰਿਜ਼ਨੋ ਦੇ ਕਤਲਾਂ ਦੀ ਸੂਚੀ ਵਿੱਚ ਕੱਲ੍ਹ ਇੱਕ ਹੋਰ ਮਾਮਲਾ ਜੁੜਿਆ ਹੈ। ਗੋਲ਼ੀਬਾਰੀ ਦੀ ਇਸ ਘਟਨਾ ਵਿੱਚ ਸ਼ੁੱਕਰਵਾਰ ਨੂੰ ਇੱਕ ਗਲੀ ਵਿਕਰੇਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਫਰਿਜ਼ਨੋ ਪੁਲਿਸ ਦੇ ਸਾਰਜੈਂਟ ਜੇਫ ਲਾ ਬਲਿਊ ਦੇ ਅਨੁਸਾਰ ਇਹ ਵਿਕਰੇਤਾ ਪੂਰਬੀ ਓਲਿਵ ਅਤੇ ਨੌਰਥ ਫੈਰਿਸ ਦੇ ਰਸਤੇ 'ਤੇ ਸੀ ,ਉਸ ਸਮੇਂ ਇੱਕ ਕਾਰ ਵਿੱਚ ਸਵਾਰ ਅਣਪਛਾਤੇ ਵਿਅਕਤੀ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਪੀੜਿਤ ਨੂੰ ਉੱਪਰਲੇ ਸਰੀਰ ਵਿੱਚ ਕਈ ਵਾਰ ਗੋਲੀ ਲੱਗੀ ਸੀ ,ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਰਿਜ਼ਨੋ ਪੁਲਿਸ ਦੇ ਕਪਤਾਨ ਡੇਵ ਰੈਮੋਸ ਨੇ ਕਿਹਾ ਕਿ ਲਗਭਗ 40 ਸਾਲਾਂ ਮ੍ਰਿਤਕ ਵਿਅਕਤੀ ਸਾਈਕਲ 'ਤੇ ਸਵਾਰ ਸੀ ਅਤੇ ਉਸ ਉੱਪਰ ਇੱਕ ਗੱਡੀ ਵਿੱਚ ਸਵਾਰ ਇੱਕ ਅਣਪਛਾਤੇ ਵਿਅਕਤੀ ਦੁਆਰਾ ਗੋਲ਼ੀਬਾਰੀ ਕੀਤੀ ਗਈ। ਇਸ ਦੀ ਜਾਂਚ ਵਿੱਚ ਪੁਲਿਸ ਅਨੁਸਾਰ ਗੋਲੀ ਚਲਾਉਣ ਦਾ ਉਦੇਸ਼ ਕਿਸੇ ਕਿਸਮ ਦੀ ਲੁੱਟ ਨਾਲ ਸਬੰਧਿਤ ਨਹੀਂ ਸੀ ,ਗੋਲੀ ਮਾਰਨ ਤੋਂ ਬਾਅਦ ਅਪਰਾਧੀ ਸ਼ੱਕੀ ਵਾਹਨ ਵਿਚੋਂ ਬਾਹਰ ਨਿਕਲਣ ਦੀ ਬਜਾਏ ਭੱਜ ਗਏ ।ਅਧਿਕਾਰੀਆਂ ਦੁਆਰਾ ਇਸ ਹੱਤਿਆ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਦੱਸਿਆ ਕਿ ਇਸ ਕਤਲ ਨਾਲ 2020 ਵਿੱਚ ਫਰਿਜ਼ਨੋ ਵਿੱਚ ਹੱਤਿਆਵਾਂ ਦੀ ਗਿਣਤੀ 57 ਤੱਕ ਪਹੁੰਚ ਗਈ ਹੈ।