ਡੇਰਾ ਪ੍ਰੇਮੀਆਂ ਵੱਲੋਂ ਮਨੋਹਰ ਲਾਲ ਦੇ ਕਤਲ ਨੂੰ ਲੈਕੇ ਧਰਨਾ ਜਾਰੀ, ਸੁੱਖਾ ਗਰੁੱਪ ਨੇ ਧਰਨੇ ਬਾਰੇ ਕੀਤੀ ਇਹ ਟਿੱਪਣੀ
ਅੰਤਿਮ ਸਸਕਾਰ ਨੂੰ ਲੈਕੇ ਡੈਡਲਾਕ ਜਾਰੀ
ਅਸ਼ੋਕ ਵਰਮਾ
ਬਠਿੰਡਾ,22 ਨਵੰਬਰ 2020: ਭਗਤਾ ਭਾਈ ’ਚ ਸ਼ੁੱਕਰਵਾਰ ਸ਼ਾਮ ਨੂੰ ਕਤਲ ਕਰ ਦਿੱਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਅੰਤਿਮ ਸਸਕਾਰ ਨੂੰ ਲੈਕੇ ਡੈਡਲਾਕ ਬਣਿਆ ਹੋਇਆ ਹੈ। ਅੱਜ ਡੇਰਾ ਸ਼ਰਧਾਲੂਆਂ ਨੇ ਵੱਡੇ ਇਕੱਠ ਨਾਲ ਦੂਸਰੇ ਦਿਨ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਇਲਾਕੇ ਦੇ ਵੱਖ ਵੱਖ ਪਿੰਡਾਂ ਚੋਂ ਡੇਰਾ ਪ੍ਰੇਮੀਆਂ ਦੀ ਗਿਣਤੀ ਵਧਦੀ ਦੀ ਹੀ ਜਾ ਰਹੀ ਹੈ ਜਿਸ ਨੇ ਪ੍ਰਸ਼ਾਸ਼ਨ ਦੇ ਫਿਕਰ ਵਧਾ ਦਿੱਤੇ ਹਨ। ਅੱਜ ਡੇਰਾ ਪ੍ਰੇਮੀਆਂ ਨੇ ਦੋਵੇਂ ਹੱਥ ਖੜੇ ਕਰਕੇ ਪ੍ਰਬੰਧਕਾਂ ਨੂੰ ਡਟੇ ਰਹਿਣ ਦਾ ਵਿਸ਼ਵਾਸ਼ ਦਿਵਾਇਆ ਹੈ। ਸਥਿਤੀ ਦੀ ਨਾਜ਼ੁਕਤਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਸੁਰੱਖਿਆ ਕਰੜੀ ਕਰ ਦਿੱਤੀ ਹੈ। ਅੱਜ ਐਸਡੀਐਮ ਫੂਲ ਨੇ ਸਵੇਰ ਵਕਤ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਹੀਂ ਹੋਏ ।
ਪਤਾ ਲੱਗਿਆ ਹੈ ਕਿ ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਨੇ ਵੀ ਪ੍ਰੀਵਾਰ ਨੂੰ ਮਿਲਕੇ ਮਨੋਹਰ ਲਾਲ ਦਾ ਅੰਤਮ ਸਸਕਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਹੈ। ਸੂਤਰ ਦੱਸਦੇ ਹਨ ਕਿ ਪ੍ਰੀਵਾਰ ਨੇ ਪੁਲਿਸ ਨੂੰ ਨਸੀਹਤ ਦਿੱਤੀ ਹੈ ਕਿ ਉਹ ਉਹਨਾਂ ਨੂੰ ਸਮਝਾਉਣ ਦੀ ਥਾਂ ਦੋਸ਼ੀਆਂ ਨੂੰ ਫੜੇ। ਇਹ ਵੀ ਆਖਿਆ ਹੈ ਕਿ ਡੇਰਾ ਪ੍ਰੇਮੀ ਸ਼ਾਂਤਮਈ ਰੋਸ ਜਤਾ ਰਹੇ ਹਨ ਜਿਸ ਨਾਲ ਪੁਲਿਸ ਦੇ ਕੰਮ ’ਚ ਕੋਈ ਵਿਘਨ ਨਹੀਂ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਪਗੜੀਧਾਰੀ ਨੌਜਵਾਨਾਂ ਨੇ ਆਪਣੀ ਹੀ ਦੁਕਾਨ ’ਚ ਬੈਠੇ ਡੇਰਾ ਸ਼ਰਧਾਲੂ ਮਨੋਹਰ ਲਾਲ (55) ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਜਿਸ ਦੀ ਲਾਸ਼ ਨੂੰ ਡੇਰਾ ਸਲਾਬਤਪੁਰਾ ਅੱਗੇ ਰੱਖ ਕੇ ਧਰਨਾ ਲਾਇਆ ਸੀ ਜੋ ਅੱਜ ਦੂਸਰੇ ਦਿਨ ਵੀ ਜਾਰੀ ਰੱਖਿਆ ਹੋਇਆ ਹੈ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਅੱਜ ਵੀ ਐਲਾਨ ਕੀਤਾ ਕਿ ਜਦੋਂ ਤੱਕ ਕਾਤਲ ਗਿ੍ਫਤਾਰ ਨਹੀਂ ਕਰ ਲਈ ਜਾਂਦੇ ਧਰਨਾ ਜਾਰੀ ਰੱਖਿਆ ਜਾਏਗਾ।
ਇਸ ਦੌਰਾਨ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਗਰੁੱਪ ਨੇ ਅੱਜ ਫੇਸਬੁੱਕ ’ਤੇ ਇਕ ਹੋਰ ਪੋਸਟ ਪਾ ਕੇ ਧਰਨਾਕਾਰੀਆਂ ’ਤੇ ਹੱਲਾ ਬੋਲਿਆ।
ਪੋਸਟ ਵਿਚ ਲਿਖਿਆ ਹੈ, ’’ਆ ਜੋ ਸਲਾਬਤਪੁਰੇ ਧਰਨਾ ਲਾਈ ਬੈਠੇ ਆ ਉਹ ਇਹ ਦੱਸਣ ਵੀ ਇਹਨੇ ਕੀ ਮਹਾਨ ਕੰਮ ਕਰਿਆ ਸੀ ਜਿਹੜਾ ਧਰਨਾ ਲਾਇਆ ਤੁਸੀਂ ਇੱਕ ਨਹੀਂ ਚਾਰ ਬੇਅਦਬੀਆਂ ਕਰਿਆ ਇਹਨਾਂ ਨੇ, ਭਗਤੇ ਜਾ ਕੇ ਪਤਾ ਕਰੋ ਵੀ ਬੇਅਦਬੀ ਵਿੱਚ ਇਸਦਾ ਹੱਥ ਸੀ ਕੇ ਇਸਦੇ ਕੱਲੇ ਮੁੰਡੇ ਦਾ ਸਾਡਾ ਨਾਂ ਤਾਂ ਪ੍ਰੇਮਿਆ ਨਾਲ ਕੋਈ ਵੈਰ ਆ ਨਾਂ ਕਿਸੇ ਧਰਮ ਜਾਤ ਨਾਲ ਸਾਡਾ ਤਾਂ ਵੈਰੀ ਉਹ ਆ ਜੋ ਸਿੱਖ ਕੋਮ ਦੇ ਖ਼ਿਲਾਫ਼ ਆ ਜਾ ਜੋ ਸਾਡੇ ਗੁਰੂ ਦੀ ਬੇਅਦਬੀ ਕਰਦਾ
ਜੋ ਹੋਰ ਕੋਈ ਵੀ ਕਰੋ ਉਹਦੇ ਨਾਲ ਵੀ ਇਹੀ ਹੋਉ ਜੇ ਗੁਰੂ ਸਾਹਿਬ ਨੇ ਫਿਰ ਮੋਕਾਂ ਦਿੱਤਾ ਫਿਰ ਕਰਾਂਗਾ।’’