- ਭਾਜਪਾ ਨੂੰ ਝਟਕਾ, ਦਰਜਨਾਂ ਵਰਕਰ ਕਾਂਗਰਸ ‘ਚ ਸ਼ਾਮਲ
ਹੁਸ਼ਿਆਰਪੁਰ, ਨਵੰਬਰ 22, 2020 - ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਥਾਨਕ ਵਾਰਡ ਨੰਬਰ 32 ਦੇ ਮੁਹੱਲਾ ਪ੍ਰੇਮਗੜ ਵਿੱਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ਵਿੱਚ ਕਈ ਭਾਜਪਾ ਆਗੂਆਂ ਨੇ ਕਾਂਗਰਸ ਦਾ ਹੱਥ ਫੜਿਆ।
ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਦੇਖਦਿਆਂ ਇਨ੍ਹਾਂ ਪੁਰਾਣੇ ਪਾਰਟੀ ਆਗੂਆਂ ਨੇ ਵਰਕਰਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਵਿਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਾਈਸ ਪ੍ਰਧਾਨ ਦੀਪਕ ਸ਼ਾਰਦਾ, ਮੀਨਾਕਸ਼ੀ ਸ਼ਾਰਦਾ, ਮਨਪ੍ਰੀਤ ਸਿੰਘ, ਕਮਲਜੀਤ ਕੌਰ, ਸੁਮਨ, ਅਮਰੀਕ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਪਾਲ ਸ਼ਰਮਾ, ਬਲਵੀਰ ਕੁਮਾਰ, ਮਹਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸੈਨੀ, ਨਰੇਸ਼ ਕੁਮਾਰ, ਸਤਪਾਲ ਕਨੌਜੀਆ, ਭੋਲਾ ਕਨੌਜੀਆ, ਵਰੁਣ, ਸੌਨੂੰ ਸੈਣੀ , ਅਨਿਲ, ਬੱਬਲ, ਊਸ਼ਾ ਰਾਣੀ, ਸ਼ਿੰਦੋ, ਬਲਵਿੰਦਰ ਕੌਰ, ਰਾਣੀ, ਸੁਨੀਤਾ, ਰੀਟੂ ਅਤੇ ਪਰਮਜੀਤ ਆਦਿ ਸ਼ਾਮਲ ਹਨ।
ਭਾਜਪਾ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਪੱਖੀ, ਕਿਸਾਨ ਹਿਤੈਸ਼ੀ ਅਤੇ ਵਿਕਾਸਮੁਖੀ ਫੈਸਲਿਆਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਆਗੂ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਭਾਜਪਾ ਛੱਡ ਕੇ ਆਏ ਆਗੂਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਪਾਉਣ, ਕਿਸਾਨੀ ਨੂੰ ਬਚਾਉਣ, ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਗਰੀਬ ਲੋਕਾਂ ਪੱਖੀ ਲਏ ਠੋਸ ਫੈਸਲਿਆਂ ਤੋਂ ਹਰ ਵਰਗ ਪੂਰੀ ਤਰ੍ਹਾਂ ਖੁਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਉਣ, ਅਮਨ-ਕਨੂੰਨ ਨੂੰ ਬਰਕਰਾਰ ਰੱਖਣ ਅਤੇ ਹਰ ਵਰਗ ਦੀ ਭਲਾਈ ਅਤੇ ਤਰੱਕੀ ਲਈ ਚਲਾਈਆਂ ਜਾ ਰਹੀਆਂ ਨੀਤੀਆਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਸੂਬੇ ਅੰਦਰ ਵਿਕਾਸ ਦੀ ਰਫਤਾਰ ਨਵੀਆਂ ਸਿਖਰਾਂ ਛੂਹੇਗੀ। ਇਸ ਮੌਕੇ ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਕੇਸ਼ ਮਰਵਾਹਾ, ਕਾਂਗਰਸ ਦਿਹਾਤੀ ਦੇ ਬਲਾਕ ਪ੍ਰਧਾਨ ਕੈਪਟਨ ਕਰਮ ਚੰਦ, ਦੀਪਕ ਪੁਰੀ, ਐਡਵੋਕੇਟ ਪਵਿੱਤਰ ਪਾਲ ਸਿੰਘ ਆਦਿ ਵੀ ਮੌਜੂਦ ਸਨ।