ਹਰਜਿੰਦਰ ਸਿੰਘ ਭੱਟੀ
- ਛਾਤੀ ਦੀ ਇਨਫੈਕਸ਼ਨ ਦੇ ਚਲਦੇ ਹਸਪਤਾਲ ਦਾਖਿਲ ਹਨ ਚਰਨਜੀਤ ਸਿੰਘ ਵਾਲੀਆ
ਐਸ ਏ ਐਸ ਨਗਰ, ਨਵੰਬਰ 22, 2020 - ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅੱਜ ਫੋਰਟਿਸ ਹਸਪਤਾਲ ਵਿਖੇ ਚਰਨਜੀਤ ਸਿੰਘ ਵਾਲੀਆ, ਪ੍ਰਧਾਨ ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਅਤੇ ਪੰਜਾਬੀ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਚੇਅਰਮੈਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਅਤੇ ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ, ਸ੍ਰੀ ਆਨੰਦਪੁਰ ਸਾਹਿਬ, ਦਾ ਹਾਲ ਚਾਲ ਜਾਨਣ ਲਈ ਫੋਰਟਿਸ ਹਸਪਤਾਲ ਪੁੱਜੇ। ਚਰਨਜੀਤ ਸਿੰਘ ਵਾਲੀਆ ਛਾਤੀ ਦੀ ਇਨਫੈਕਸ਼ਨ ਦੇ ਕਾਰਨ ਫੋਰਟਿਸ ਹਸਪਤਾਲ ਵਿਚ ਦਾਖਿਲ ਹਨ। ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਸ਼ਾਸਨਿਕ ਅਮਲੇ ਤੋਂ ਵਾਲੀਆ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਨੂੰ ਵਾਲੀਆ ਦੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦੀ ਹਦਾਇਤ ਵੀ ਕੀਤੀ।
ਮੰਤਰੀ ਸਿੱਧੂ ਨੇ ਇਸ ਮੌਕੇ ਚਰਨਜੀਤ ਸਿੰਘ ਵਾਲੀਆ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿਚ ਹਰ ਤਰ੍ਹਾਂ ਨਾਲ ਵਾਲੀਆ ਪਰਿਵਾਰ ਦੇ ਨਾਲ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਨਰਸਿੰਗ ਟ੍ਰੇਨਿੰਗ ਦੇ ਖੇਤਰ ਵਿਚ ਚਰਨਜੀਤ ਸਿੰਘ ਵਾਲੀਆ ਇਕ ਜਾਣਿਆ ਪਛਾਣਿਆ ਅਤੇ ਸਨਮਾਨਿਤ ਨਾਮ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਇਸ ਮਹਾਮਾਰੀ ਨਾਲ ਲੜਣ ਵਿਚ ਨਰਸਾਂ ਨੇ ਕੋਰੋਨਾ ਵਾਰੀਅਰਜ ਵਜੋਂ ਅਹਿਮ ਭੂਮਿਕਾ ਅਦਾ ਕੀਤੀ ਹੈ ਅਤੇ ਖਾਸ ਤੌਰ ਤੇ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਤੋਂ ਟ੍ਰੇਨਿੰਗ ਹਾਸਿਲ ਕਰਕੇ ਵੱਖ ਵੱਖ ਹਸਪਤਾਲਾਂ ਵਿਚ ਕੰਮ ਕਰਦੀਆਂ ਨਰਸਾਂ ਨੇ ਆਪਣੇ ਕਾਲਜ ਅਤੇ ਪੰਜਾਬ ਦਾ ਨਾਂ ਹਰ ਪਾਸੇ ਰੌਸ਼ਨ ਕੀਤਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਮਾਰੀ ਨੂੰ ਠਲ੍ਹ ਪਾਉਣ ਲਈ ਵੱਡੇ ਕਦਮ ਚੁੱਕੇ ਹਨ ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਜਿਕਰਯੋਗ ਹੈ ਕਿ ਚਰਨਜੀਤ ਸਿੰਘ ਵਾਲੀਆ ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਵੀ ਹਨ ਅਤੇ ਇਹ ਸੰਸਥਾ ਵਾਲੀਆ ਦੀ ਅਗਵਾਈ ਹੇਠ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਹੁੰਦੀ ਹੈ।
ਚਰਨਜੀਤ ਸਿੰਘ ਵਾਲੀਆ ਨੇ ਇਸ ਮੌਕੇ ਸਿਹਤ ਮੰਤਰੀ ਸਿੱਧੂ ਦਾ ਇਥੇ ਆਉਣ ਤੇ ਧੰਨਵਾਦ ਕੀਤਾ।
ਇਸ ਮੌਕੇ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਐਮ.ਡੀ. ਅਤੇ ਚਰਨਜੀਤ ਸਿੰਘ ਵਾਲੀਆ ਦੀ ਧਰਮਪਤਨੀ ਜਸਵਿੰਦਰ ਕੌਰ ਵਾਲੀਆ, ਰਾਜਾ ਕੰਵਰੋਜਤ ਸਿੰਘ ਰਾਜਾ ਮੋਹਾਲੀ (ਸੀਨੀਅਰ ਕਾਂਗਰਸੀ ਆਗੂ) ਡਾ. ਪਰਮਜੀਤ ਸਿੰਘ ਵਾਲੀਅ ਸਕਿਨ ਸਪੈਸ਼ਲਿਸਟ, ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਡਾ. ਸੁਖਵਿੰਦਰ ਸਿੰਘ ਵਿੱਤ ਸਕੱਤਰ ਵੀ ਹਾਜਿਰ ਸਨ।