ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2020 - ਭਗਤਾ ਭਾਈ ’ਚ ਸ਼ੁੱਕਰਵਾਰ ਸ਼ਾਮ ਨੂੰ ਕਤਲ ਕਰ ਦਿੱਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਅੰਤਮ ਸਸਕਾਰ ਨੂੰ ਲੈਕੇ ਅੱਜ ਦੂਸਰੇ ਦਿਨ ਵੀ ਡੈਡਲਾਕ ਬਣਿਆ ਰਿਹਾ। ਡੇਰਾ ਸ਼ਰਧਾਲੂਆਂ ਨੇ ਅੱਜ ਸਵੇਰ ਹੁੰਦਿਆਂ ਹੀ ਸੜਕ ਤੇ ਧਰਨਾ ਸ਼ੁਰੂ ਕਰ ਦਿੱਤਾ ਜਿਸ ’ਚ ਦੇਖਦਿਆਂ ਹੀ ਦੇਖਦਿਆਂ ਭਾਰੀ ਇਕੱਠ ਹੋ ਗਿਆ। ਇਲਾਕੇ ਦੇ ਵੱਖ ਵੱਖ ਪਿੰਡਾਂ ਚੋਂ ਡੇਰਾ ਪ੍ਰੇਮੀਆਂ ਦੀ ਧਰਨੇ ’ਚ ਵਧੀ ਗਿਣਤੀ ਨੇ ਪ੍ਰਸ਼ਾਸ਼ਨ ਦੇ ਫਿਕਰ ਵਧਾ ਦਿੱਤੇ ਹਨ। ਹਾਲਾਂਕਿ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਅੱਜ ਇੱਕ ਵਾਰ ਫਿਰ ਤੋਂ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਸ਼ੁਰੂ ਕੀਤੀ ਜੋ ਬੇਸਿੱਟਾ ਰਹੀ।
ਅੱਜ ਐਸਡੀਐਮ ਫੂਲ ਵੱਲੋਂ ਡੇਰਾ ਆਗੂਆਂ ਨੂੰ ਮਨੋਹਰ ਲਾਲ ਦਾ ਅੰਤਮ ਸਸਕਾਰ ਕਰਨ ਲਈ ਰਾਜੀ ਕਰਨ ਦੀਆਂ ਕੋਸ਼ਿਸ਼ਾਂ ਵੀ ਵਿਅਰਥ ਗਈਆਂ। ਐਸਐਸਪੀ ਬਠਿੰਡਾ ਵੱਲੋਂ ਕਾਤਲਾਂ ਨੂੰ ਫੜਨ ਦੇ ਦਿੱਤੇ ਭਰੋਸੇ ਵੀ ਰੰਗ ਨਾਂ ਲਿਆਏ ਤਾਂ ਅਧਿਕਾਰੀਆਂ ਨੂੰ ਖਾਲੀ ਮੁੜਨਾ ਪਿਆ। ਸੂਤਰ ਦੱਸਦੇ ਹਨ ਕਿ ਮਨੋਹਰ ਲਾਲ ਦੇ ਪ੍ਰੀਵਾਰ ਨੂੰ ਰਾਜੀ ਕਰਨ ਗਈ ਥਾਣਾ ਦਿਆਲਪੁਰਾ ਭਾਈ ਪੁਲਿਸ ਨੂੰ ਪ੍ਰੀਵਾਰਕ ਮੈਂਬਰਾਂ ਨੇ ਅਫਸਰਾਂ ਨੂੰ ਦੋਸ਼ੀ ਕਾਬੂ ਕਰਨ ਦੀ ਨਸੀਹਤ ਦੇ ਦਿੱਤੀ। ਉਹਨਾਂ ਆਖਿਆ ਕਿ ਸ਼ਾਂਤਮਈ ਰੋਸ ਜਤਾ ਰਹੇ ਡੇਰਾ ਪ੍ਰੇਮੀਆਂ ਕਾਰਨਪੁਲਿਸ ਦੇ ਕੰਮ ’ਚ ਕੋਈ ਵਿਘਨ ਨਹੀਂ ਪੈ ਰਿਹਾ ਹੈ।
ਹਾਲਾਂਕਿ ਅਧਿਕਾਰੀ ਫਿਲਹਾਲ ਇਸ ਬਾਰੇ ਕੁੱਝ ਕਹਿਣ ਨੂੰ ਤਿਆਰ ਨਹੀਂ ਹੋਏ ਪਰ ਸੂਤਰਾਂ ਦੀ ਮੰਨੀਏ ਤਾਂ ਡੇਰਾ ਪ੍ਰਬੰਧਕਾਂ ਨੇ ਅੱਜ ਦੇ ਟੁੱਕ ਜਵਾਬ ਦੇ ਦਿੱਤਾ ਹੈ ਕਿ ਉਹ ਕਾਤਲਾਂ ਦੀ ਗਿ੍ਰਫਤਾਰੀ ਤੱਕ ਅੰਤਮ ਸਸਕਾਰ ਨਹੀਂ ਕਰਨਗੇ। ਡੇਰਾ ਪ੍ਰਬੰਧਕਾਂ ਅਤੇ ਪ੍ਰੇਮੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੇ ਪ੍ਰਸ਼ਾਸ਼ਨ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਲਿਆ ਦਿੱਤੀਆਂ ਹਨ। ਅੱਜ ਡੇਰਾ ਪ੍ਰੇਮੀਆਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਬੰਧਕਾਂ ਨੂੰ ਡਟੇ ਰਹਿਣ ਦਾ ਵਿਸ਼ਵਾਸ਼ ਦਿਵਾਇਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਡੇਰੇ ਦੇ ਨਜ਼ਦੀਕ ਸੁਰੱਖਿਆ ਸਖਤ ਕਰ ਦਿੱਤੀ ਹੈ।
ਇਹ ਹੈ ਮਨੋਹਰ ਲਾਲ ਕਤਲ ਮਾਮਲਾ
ਦੱਸਣਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਮਨੋਹਰ ਲਾਲ ਸ਼ਾਮ ਵਮਤ ਆਪਣੀ ਦੁਕਾਨ ਜਤਿੰਦਰਾ ਟੈਲੀਕਾਮ ਤੇ ਬੈਠ ਹੋਇਆ ਸੀ। ਇਸੇ ਦੌਰਾਨ ਕਰੀਬ ਸਾਢੇ ਚਾਰ ਵਜੇ ਮੂੰਹ ਬੰਨ ਕੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਪਗੜੀਧਾਰੀ ਨੌਜਵਾਨ ਉਸ ਦੀ ਦੁਕਾਨ ’ਚ ਦਾਖਲ ਹੋਏ ਅਤੇ ਤਾਬੜਤੋੜ ਫਾਇਰਿੰਗ ਕਰਕੇ ਮਨੋਹਰ ਲਾਲ (55) ਦਾ ਕਤਲ ਕਰ ਦਿੱਤਾ। ਜਖਮੀ ਮਨੋਹਰ ਲਾਲ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਪੋਸਟਮਾਰਟਮ ਉਪਰੰਤ ਸ਼ਨੀਵਾਰ ਨੂੰ ਉਸ ਦੀ ਲਾਸ਼ ਡੇਰਾ ਸਲਾਬਤਪੁਰਾ ਅੱਗੇ ਰੱਖ ਕੇ ਡੇਰਾ ਪ੍ਰੇਮੀਆਂ ਨੇ ਧਰਨਾ ਲਾ ਦਿੱਤਾ ਜੋ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ।ਡੇਰਾ ਸੱਚਾ ਸੌਦਾ ਦੇ ਆਗੂਆਂ ਨੇ ਕਾਤਲਾਂ ਦੀ ਗਿ੍ਰਫਤਾਰੀ ਤੱਕ ਧਰਨਾ ਜਾਰੀ ਰੱਖਣ ਅਤੇ ਲਾਸ਼ ਦਾ ਅੰਤਮ ਸਸਕਾਰ ਨਾਂ ਕਰਨ ਦਾ ਐਲਾਨ ਕੀਤਾ ਹੈ।
ਗੱਲਬਾਤ ਸੁਖਾਵੇਂ ਮਹੌਲ ’ਚ ਹੋਈ:ਪ੍ਰਬੰਧਕ
ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰਬੰਧਕ ਹਰਚਰਨ ਸਿੰਘ ਦਾ ਕਹਿਣਾ ਸੀ ਕਿ ਗੱਲਬਾਤ ਸੁਖਾਵੇਂ ਮਹੌਲ ’ਚ ਹੋਈ ਹੈ। ਉਹਨਾਂ ਕਿਹਾ ਪੁਲਿਸ ਨੇ ਆਪਣੀ ਜਾਂਚ ਬਾਰੇ ਦੱਸਿਆ ਅਤੇ ਦੋਸ਼ੀ ਜਲਦੀ ਕਾਬੂ ਕਰਨ ਦੀ ਗੱਲ ਆਖੀ ਸੀ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਸਮਾਂ ਮੰਗਿਆ ਸੀ ਪਰ ਪਿਛਲੇ ਸਮੇ ਦੌਰਾਨ ਵਾਅਦਾ ਖਿਲਾਫੀਆਂ ਨੂੰ ਦੇਖਦਿਆਂ ਅੱਜ ਵੀ ਅੰਤਮ ਸਸਕਾਰ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਉਹਨਾਂ ਆਖਿਆ ਕਿ ਅਸੀਂ ਕਿਸੇ ਨੂੰ ਵੀ ਸੱਦਾ ਨਹੀਂ ਦਿੱਤਾ ਹੈ ਪਰ ਹਰਿਆਣਾ ਦੀ ਕਮੇਟੀ ਅੱਜ ਆਪਣੇ ਆਪ ਆ ਗਈ ਹੈ। ਉਹਨਾਂ ਆਖਿਆ ਕਿ ਅੰਤਮ ਫੈਸਲਾ ਡੇਰਾ ਪ੍ਰੇਮੀਆਂ ਵੱਲੋਂ ਲਿਆ ਜਾਣਾ ਹੈ। ਉਹਨਾਂ ਆਖਿਆ ਕਿ ਪੁਲਿਸ ਨੂੰ ਗੈਂਗਸਟਰਾਂ ਵੱਲੋਂ ਪਾਈਆਂ ਜਾ ਰਹੀਆਂ ਪੋਸਟਾਂ ਦੇ ਮਾਮਲੇ ’ਚ ਕਾਰਵਾਈ ਕਰਨੀ ਚਾਹੀਦੀ ਹੈ।
ਜਾਂਚ ਸਹੀ ਦਿਸ਼ਾ ਵੱਲ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਉਹ ਪੜਤਾਲ ਬਾਰੇ ਮੀਡੀਆ ਨਾਲ ਕੋਈ ਵੇਰਵੇ ਨਹੀਂ ਸਾਂਝੇ ਕਰ ਸਕਦੇ ਪਰ ਏਨਾ ਜਰੂਰ ਹੈ ਕਿ ਤਫਤੀਸ਼ ਸਹੀ ਦਿਸ਼ਾ ’ਚ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਡੇਰਾ ਪ੍ਰਬੰਧਕਾਂ ਨੇ ਕੁੱਝ ਮੁੱਦੇ ਉਹਨਾਂ ਕੋਲ ਰੱਖੇ ਹਨ ਜਿਹਨਾਂ ਨੂੰ ਉੱਚ ਅਧਿਕਾਰੀਆਂ ਕੋਲ ਭੇਜਿਆ ਜਾ ਰਿਹਾ ਹੈ। ਉਹਨਾਂ ਅੱਜ ਵੀ ਦੋਸ਼ੀਆਂ ਦੇ ਜਲਦੀ ਕਾਬੂ ਹੋ ਜਾਣ ਦੀ ਉਮੀਦ ਜਤਾਈ ਹੈ।