- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਭਾਜਪਾ ਵੱਲੋਂ ਵਰਕਰਾਂ ਲਈ ਸਿਖਲਾਈ ਕੈਂਪ ਲਗਾਇਆ ਗਿਆ
ਚੰਡੀਗੜ੍ਹ: 22 ਨਵੰਬਰ 2020, ਭਾਰਤੀ ਜਨਤਾ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਭਾਜਪਾ ਦੇ ਸਿਖਲਾਈ ਸੈੱਲ ਦੇ ਕਨਵੀਨਰ ਮੋਹਨ ਲਾਲ ਗਰਗ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਿਖਲਾਈ ਕੈਂਪ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਹੋਏ । ਇਸ ਸਿਖਲਾਈ ਕੈਂਪ ਵਿਚ ਜ਼ਿਲ੍ਹੇ, ਮੋਰਚਿਆਂ ਅਤੇ ਸੈੱਲਾਂ ਦੇ ਇੰਚਾਰਜ ਅਤੇ ਸੂਬੇ ਭਰ ਦੇ ਸੀਨੀਅਰ ਨੇਤਾ, ਸਮਾਜ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ, ਭਾਜਪਾ ਦੀ ਕਾਰਜਸ਼ੈਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ, ਮੁੱਲ ਅਧਾਰਤ ਅਤੇ ਸਭਿਆਚਾਰਕ ਰਾਜਨੀਤੀ ਲਈ ਸਿਖਲਾਈ ਦਿੱਤੇ ਗਏ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਂਹਵਧੂ ਸੋਚ ਅਤੇ ਰਾਸ਼ਟਰ ਪ੍ਰਤੀ ਨਿਰਸਵਾਰਥ ਸੇਵਾ ਬਾਰੇ ਦੱਸਿਆ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਆਪਣੀ ਇੱਛਾ ਅਨੁਸਾਰ ਪਾਰਟੀ ਦੀ ਵਿਚਾਰਧਾਰਾ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਸਮਾਜ ਦੀ ਸੇਵਾ ਕਰ ਸਕਦਾ ਹੈ। ਭਾਜਪਾ ਦੇ ਕੰਮਕਾਜ ਵਿੱਚ ਸਿਖਲਾਈ ਵਰਕਸ਼ਾਪਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸ਼ਰਮਾ ਨੇ ਕਿਹਾ ਕਿ ਇਸ ਕੈਂਪ ਵਿੱਚ ਮੌਜੂਦ ਸਾਰੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ, ਪਾਰਟੀ ਦੀ ਵਿਧੀ, ਕੇਂਦਰ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ, ਜਨਤਾ ਲਈ ਸ਼ੁਰੂ ਕੀਤੀਆਂ ਲਗਭਗ 160 ਲੋਕ-ਪੱਖੀ ਨੀਤੀਆਂ, ਚੋਣ ਪ੍ਰਬੰਧਨ ਅਤੇ ਸਰਵਿਸ ਪ੍ਰਣਾਲੀ, ਭਾਜਪਾ ਦੀ ਭੂਮਿਕਾ, ਕੋਰੋਨਾ ਕਾਲ ਦੌਰਾਨ ਭਾਜਪਾ ਵੱਲੋਂ ਕੀਤੀਆਂ ਸੇਵਾਵਾਂ, ਸੋਸ਼ਲ ਮੀਡੀਆ ਦੀ ਰਾਜਨੀਤੀ 'ਚ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਲੋਕਾਂ ਤੱਕ ਪਹੁੰਚਣ ਦੀ ਸਿਖਲਾਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਸਾਰੇ ਹਾਜ਼ਿਰ ਵਰਕਰ ਆਪਣੇ-ਆਪਣੇ ਹਲਕੇ 'ਚ ਪੁੱਜ ਕੇ ਬੂਥ ਪੱਧਰੀ ਵਰਕਰਾਂ ਨੂੰ ਸਿਖਲਾਈ ਦੇਣਗੇ ਅਤੇ 2022 ਦੀਆਂ ਚੋਣਾਂ ਵਿੱਚ ਭਾਜਪਾ ਦੇ ਜਿੱਤ ਦੇ ਰੱਥ ਦਾ ਨੀਂਹ-ਪੱਥਰ ਰੱਖਣਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੀ ਭ੍ਰਿਸ਼ਟ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਸਿਰ ਤੋਂ ਉਪਰ ਪੁੱਜ ਚੁੱਕੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਸੂਬੇ ਦੇ ਲੋਕ ਖੂਨ ਦੇ ਹੰਝੂ ਰੋ ਰਹੇ ਹਨ। ਲੋਕਾਂ ਨੇ ਕੇਂਦਰ ਵਿੱਚ ਮੋਦੀ ਸਰਕਾਰ ਵਲੋਂ ਬਣਾਈਆਂ ਗਈਆਂ ਲੋਕ-ਪੱਖੀ ਨੀਤੀਆਂ ਅਤੇ ਰਾਸ਼ਟਰੀ ਹਿੱਤ ਵਿੱਚ ਲਏ ਗਏ ਫੈਸਲਿਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਜਨਤਾ ਹੁਣ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹੈ ਜਦੋਂ ਉਹ ਆਪਣੀ ਵੋਟ ਦੀ ਤਾਕਤ ਨਾਲ ਇਸ ਭ੍ਰਿਸ਼ਟ ਕਾਂਗਰਸੀ ਆਗੂਆਂ ਦੀ ਸੱਤਾ ਨੂੰ ਪਲਟ ਸਕਣ ਅਤੇ ਸੂਬੇ ਦੀ ਸੱਤਾ ਵੀ ਮੋਦੀ ਸਰਕਾਰ ਦੇ ਮਜ਼ਬੂਤ ਨੇਤਾਵਾਂ ਨੂੰ ਦੇ ਕੇ ਸ਼ਾਂਤੀ ਦਾ ਸਾਹ ਲੈ ਸਕਣ।
ਇਸ ਮੌਕੇ ਮੋਹਨ ਲਾਲ ਗਰਗ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ, ਸੂਬੇ ਦੇ ਬੂਥ ਪੱਧਰ ਤੱਕ ਦੇ ਵਰਕਰਾਂ ਨੂੰ ਸਿਖਲਾਈ ਦੇ ਕੇ, ਕੇਂਦਰ ਦੀ ਮੋਦੀ ਸਰਕਾਰ ਦੀ ਰਾਸ਼ਟਰ ਨੂੰ ਸਮਰਪਣ ਦੀ ਸੋਚ ਅਤੇ ਲੋਕ-ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਣਾ ਅਤੇ ਜਾਗਰੂਕ ਕਰਨਾ ਹੈ। ਇਸ ਕੈਂਪ ਦੇ ਨਾਲ-ਨਾਲ ਰਾਜ ਭਰ ਵਿਚ ਮੰਡਲ ਪੱਧਰੀ ਵਰਕਰਾਂ ਨੂੰ ਸਿਖਲਾਈ ਦੇਣ ਦੀ ਮੁਹਿੰਮ ਵੀ ਸ਼ੁਰੂ ਹੋ ਗਈ ਹੈ, ਜੋ ਕਿ ਇਕ ਮਹੀਨਾ ਚਲੇਗਾ। ਇਸ ਮੌਕੇ ਮਾਸਟਰ ਮੋਹਨ ਲਾਲ, ਮਦਨ ਮੋਹਨ ਮਿੱਤਲ, ਵਿਜੇ ਸਾਂਪਲਾ, ਤੀਕਸ਼ਨ ਸੂਦ, ਪ੍ਰੋ. ਰਜਿੰਦਰ ਭੰਡਾਰੀ, ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਰੀਨਾ ਜੇਤਲੀ, ਪ੍ਰਵੀਨ ਬਾਂਸਲ, ਨਰਿੰਦਰ ਪਰਮਾਰ, ਅਜੈ ਸੱਚਰ, ਵਿਨੋਦ ਸ਼ਰਮਾ, ਸ਼ਿਵਰਾਜ ਸਿੰਘ, ਅਰਵਿੰਦ ਮਿੱਤਲ, ਜਨਾਰਦਨ ਸ਼ਰਮਾ, ਰਾਕੇਸ਼ ਗੋਇਲ, ਸੁਨੀਲ ਸਿੰਗਲਾ ਆਦਿ ਹਾਜ਼ਰ ਸਨ।