- ਕਰੋਨਾ ਦੇ ਮੱਦੇਨਜ਼ਰ ਹੱਥ ਧੋਣ ਲਈ ਬਣਨਗੇ 50 ਸਟੇਸ਼ਨ-50 ਹਜ਼ਾਰ ਮਾਸਕ ਵੀ ਸੰਗਤ ਨੂੰ ਵੰਡੇ ਜਾਣਗੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 22 ਨਵੰਬਰ 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਸਹੂਲਤ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
28 ਤੋਂ 30 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨ ਪਿੱਛੋਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਤੇ ਨਵ ਨਿਯੁਕਤ ਐਸ. ਐਸ. ਪੀ. ਕੰਵਰਦੀਪ ਕੌਰ ਵਲੋਂ ਮੁੱਖ ਪੰਡਾਲ ਵਾਲੇ ਸਥਾਨ, ਰੂਟ ਪਲਾਨ ਤੇ ਮੁੱਖ ਮੰਤਰੀ ਪੰਜਾਬ ਵਲੋਂ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨੀ ਸਮਾਰੋਹ ਸਬੰਧੀ ਤਿਆਰੀਆਂ ਦਾ ਨਿਰੀਖਣ ਕੀਤਾ ਗਿਆ।
ਦੋਹਾਂ ਅਧਿਕਾਰੀਆਂ ਨੇ ਹੈਲੀਪੈਡ, ਮੁੱਖ ਪੰਡਾਲ, ਕਿਲਾ ਸਰਾਏ, ਸਰਕਾਰੀ ਸਕੂਲ ਲੜਕੇ , ਬੀ ਡੀ ਪੀ ਓ ਦਫਤਰ ਦਾ ਦੌਰਾ ਕਰਕੇ ਗੁਰਪੁਰਬ ਸਮਾਗਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਲੋੜੀਂਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਕਾਰਨ ਲੋਕਾਂ ਦੀ ਸਿਹਤ ਸੁਰੱਖਿਆ ਤੇ ਸਿਹਤ ਵਿਭਾਗ ਦੇ ਪ੍ਰੋਟੋਕਾਲ ਮੁਤਾਬਿਕ 50 ਹੈਂਡ ਵਾਸ਼ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ, ਜਿਨਾਂ ਉੱਪਰ ਸੈਨੇਟਾਈਜ਼ਰ ਵੀ ਉਪਲਬਧ ਹੋਣਗੇ। ਇਸ ਤੋਂ ਇਲਾਵਾ 50 ਹਜ਼ਾਰ ਮਾਸਕ ਵੀ ਸੰਗਤ ਨੂੰ ਵੰਡੇ ਜਾਣਗੇ।
ਉਨਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਾਰੀਆਂ 6 ਪਾਰਕਿੰਗਾਂ ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਨੇੜਲੇ ਸਥਾਨਾਂ ਉੱਪਰ ਮੋਬਾਇਲ ਮੈਡੀਕਲ ਯੂਨਿਟ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ ਵਾਟਰ ਏ ਟੀ ਐਮ ਅਤੇ 10 ਦੇ ਕਰੀਬ ਅੱਗ ਬੁਝਾਊ ਗੱਡੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਇਹ ਵੀ ਦਸਿਆ ਕਿ ਵੱਖ-ਵੱਖ ਸ਼ਥਾਨਾਂ ਉੱਪਰ 25 ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਜਾਣਗੇ।
ਇਸ ਮੌਕੇ ਐਸ. ਐਸ. ਪੀ ਕੰਵਰਦੀਪ ਕੌਰ ਆਈ ਪੀ ਐਸ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਗਤ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ ਲਾਉਣ ਤੇ ਆਵਜਾਈ ਦੇ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ। ਉਨਾਂ ਵਿਸ਼ੇਸ਼ ਤੌਰ 'ਤੇ ਗੁਰਪੁਰਬ ਸਮਾਗਮਾਂ ਦੌਰਾਨ ਗੁੰਮ ਹੋਣ ਵਾਲੇ ਵਿਅਕਤੀਆਂ ਨੂੰ ਭਾਲਣ ਲਈ ਵਿਸ਼ੇਸ਼ ਚੈਕ ਪੋਸਟਾਂ ਉੱਪਰ ਸਹੂਲਤ ਮੁਹੱਈਆ ਕਰਵਾਉਣ ਦੇ ਵੀ ਹੁਕਮ ਦਿੱਤੇ।
ਇਸ ਮੌਕੇ ਮੁੱਖ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ ਪੀ ਮਨਦੀਪ ਸਿੰਘ, ਐਸ ਡੀ ਐਮ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਡਾ ਚਾਰੂਮਿਤਾ, ਸਿਵਲ ਸਰਜਨ ਡਾ ਸੁਰਿੰਦਰ ਕੁਮਾਰ, ਡੀ ਡੀ ਪੀ ਓ ਲਖਵਿੰਦਰ ਸਿੰਘ, ਜਿਲਾ ਸਿੱਖਿਆ ਅਫਸਰ ਗੁਰਭਜਨ ਸਿੰਘ, ਉਪ ਜਿਲਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ, ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਗੀਤਾ ਬਿਸੰਭੂ, ਡੀ.ਐਸ. ਪੀ ਸੰਦੀਪ ਸਿੰਘ, ਡੀ. ਐਸ.ਪੀ. ਸਰਵਣ ਸਿੰਘ , ਜਿਲਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ ਹਾਜ਼ਰ ਸਨ।