- ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਚ ਪੈਦਾ ਹੋਣ ਵਾਲੀਆਂ ਜ਼ਹਿਰੀਲਆਂ ਗੈਸਾਂ, ਧੂੜ ਦੇ ਕਣਾਂ ਨਾਲ ਸਾਹ ਦੀਆਂ ਬਿਮਾਰੀਆਂ ਤੋਂ ਬਚਾ ਰਿਹਾ ਹੈ ਲੋਕਾਂ ਨੂੰ
ਤਰਨ ਤਾਰਨ, 23 ਨਵੰਬਰ 2020 - ਸ੍ਰ. ਅਮਰਜੀਤ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਕੱਚਾ ਪੱਕਾ ਤਹਿਸੀਲ ਪੱਟੀ, ਜਿਲਾ੍ਹ ਤਰਨਤਾਰਨ ਦਾ ਰਹਿਣ ਵਾਲਾ ਹੈ। ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਚ ਪੈਦਾ ਹੋਣ ਵਾਲੀਆਂ ਜਹਿਰੀਲਆਂ ਗੈਸਾਂ, ਧੂੜ ਦੇ ਕਣਾਂ ਨਾਲ ਸਾਹ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾ ਰਿਹਾ ਹੈ । ਸ੍ਰ. ਅਮਰਜੀਤ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਆਤਮਾ ਵਿੰਗ ਜਿਲਾ ਤਰਨਤਾਰਨ, ਬਲਾਕ ਪੱਟੀ ਦੇ ਸਹਿਯੋਗ ਸਦਕਾ ਵਧੀਆ ਪਰਾਲੀ ਪ੍ਰਬੰਧਨ ਕਰਕੇ ਪਿੰਡ ਵਿੱਚ ਵਾਤਾਵਰਨ ਪ੍ਰੇਮੀ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ।
ਇਸ ਸਾਲ ਸ੍ਰ. ਅਮਰਜੀਤ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਆਤਮਾ ਸਕੀਮ ਅਧੀਨ ਖੇਤੀ ਮਾਹਿਰਾਂ ਦੀ ਸਲਾਹ ਤੇ ਸਹਿਯੋਗ ਸਦਕਾ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਿਸਮ ਪੀ. ਆਰ. 121 ਦਾ ਢਾਈ ਏਕੜ ਵਿੱਚ ਪ੍ਰਦਰਸ਼ਨੀ ਪਲਾਟ ਵੀ ਲਗਾਇਆ ਸੀ, ਜਿਸਦਾ ਝਾੜ 30 ਕੁਇੰਟਲ ਪ੍ਰਤੀ ਏਕੜ ਆਇਆ ਹੈ, ਜਿਸ ਨਾਲ ਉਸ ਦੇ ਖੇਤੀ ਖਰਚ ਬਹੁਤ ਘੱਟ ਹੋਏ ਹਨ ਅਤੇ ਆਮਦਨ ਵਿੱਚ ਵੀ ਚੌਖਾ ਵਾਧਾ ਹੋਇਆ ਹੈ।
ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਕੇ ਉਸਨੇ ਨਾ ਸਗੋਂ ਪਾਣੀ ਦੀ ਬੱਚਤ ਕੀਤੀ ਹੈ ਸਗੋਂ ਝੋਨੇ ਦੀ ਰਿਵਾਇਤੀ ਬਿਜਾਈ ਨਾਲੋਂ ਲੇਬਰ ਖਰਚ ਦੀ ਲਾਗਤ ਹੋਣ ਤੋਂ ਵੀ ਆਪਣੀ ਬੱਚਤ ਕੀਤੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ, ਜਿਸ ਨਾਲ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ ਅਤੇ ਝਾੜ ਵੀ ਵਧੀਆ ਮਿਲਿਆ ਹੈ। ਅਮਰਜੀਤ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਹੋਇਆ ਕਿਹਾ ਕਿ ਪਹਿਲਾਂ ਉਹ ਝੋਨੇ ਦੀ ਕਟਾਈ ਤੋਂ ਬਾਅਦ ਤਵੀਆਂ ਦੀ ਦੌਹਰ ਲਗਾ ਕੇ ਪਰਾਲੀ ਨੂੰ ਖੇਤ ਵਿੱਚ ਰਲਾ ਦਿੰਦਾ ਸੀ, ਪਰੰਤੂ ਅਜੌਕੇ ਸਮੇਂ ਨਵੀਂ ਖੇਤੀ ਮਸ਼ੀਨਰੀ ਦੀ ਤਕਨੀਕ ਕਾਫ਼ੀ ਲਾਹੇਵੰਦ ਸਾਬਿਤ ਹੋ ਰਹੀ ਹੈ, ਜਿਵੇਂ ਸੁਪਰ ਸੀਡਰ ਨਾਲ ਪਰਾਲੀ ਪ੍ਰਬੰਧਨ ਵੀ ਸੁਖਾਲਾ ਹੋ ਗਿਆ ਹੈ ਅਤੇ ਕਣਕ ਦੀ ਬਿਜਾਈ ਵੀ ਵਧੀਆ ਢੰਗ ਨਾਲ ਹੋ ਜਾਂਦੀ ਹੈ।
ਇਸ ਦੇ ਨਾਲ ਉਹ ਆਪਣੇ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ ਕਿ ਅਸੀਂ ਕਿਵੇਂ ਪਰਾਲੀ ਨਾ ਸਾੜ ਕੇ ਖੇਤੀ ਮਸ਼ੀਨਾਂ ਨਾਲ ਪਰਾਲੀ ਦਾ ਪ੍ਰਬੰਧਨ ਕਰ ਸਕਦੇ ਹਾਂ। ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏ ਕਾਰਨ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਵੀ ਬਚ ਸਕਦੇ ਹਾਂ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਸੁਪਰ ਐਸ. ਐਮ. ਐਸ. ਵਾਲੀ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਈ ਹੈ। ਇਸ ਸਾਲ ਉਸਨੇ ਕਣਕ ਦੀ ਬਿਜਾਈ ਸੁਪਰ ਸੀਡਰ ਖੇਤੀ ਮਸ਼ੀਨ ਨਾਲ ਕੀਤੀ ਹੈ।
ਕਿਸਾਨ ਅਮਰਜੀਤ ਸਿੰਘ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਵਲੋ ਲਗਾਏ ਜਾਂਦੇ ਬਲਾਕ ਪੱਧਰੀ ਕੈਂਪ, ਐਕਸਪੋਜ਼ਰ ਵਿਜ਼ਟ ਵਿੱਚ ਵੱਧ ਤੋ ਵੱਧ ਕਿਸਾਨਾਂ ਨੂੰ ਸ਼ਮੂਲੀਅਤ ਕਰਵਾੳਣ ਦਾ ਅਹਿਮ ਰੋਲ ਅਦਾ ਕਰਦਾ ਹੈ। ਆਤਮਾ ਸਕੀਮ ਤਹਿਤ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ ਰਾਂਹੀ ਪਾਣੀ ਦੀ ਬੱਚਤ, ਖੇਤੀ ਖਰਚ ਵਿੱਚ ਘੱਟ ਲਾਗਤ, ਨਾਲ ਸੁਚੱਜੀ ਖੇਤੀ ਕਰਕੇ ਲਾਹੇਵੰਦ ਲਾਭ ਪ੍ਰਾਪਤ ਕੀਤਾ।