ਹਰੀਸ਼ ਕਾਲੜਾ
ਰੂਪਨਗਰ, 23 ਨਵੰਬਰ 2020 :ਡਾ. ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ, ਮੋਹਾਲੀ ਦੇ ਦਿਸ਼ਾ ਨਿਰਦੇਸ਼ ਅਧੀਨ ਜਿਲ੍ਹਾ ਰੂਪਨਗਰ ਅਤੇ ਮੋਹਾਲੀ ਵੱਲੋਂ ਫਿਸ਼ ਸੀਡ ਫਾਰਮ, ਕਟਲੀ ,ਰੂਪਨਗਰ ਵਿਖੇ '' ਵਰਲਡ ਫਿਸ਼ਰੀਜ਼ ਡੇ 2020 " ਮਨਾਇਆ ਗਿਆ। ਜਿਸ ਵਿੱਚ ਜਿਲ੍ਹਾ ਰੂਪਨਗਰ ਅਤੇ ਮੋਹਾਲੀ ਦੇ ਮੱਛੀ ਕਿਸਾਨ ਵੀਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ।ਇਸ ਦਿਨ ਦੀ ਮਹੱਤਤਾ ਨੂੰ ਦੱਸਦੇ ਹੋਏ ਸ੍ਰੀ ਕੇ. ਸੰਜੀਵ ਨੰਗਲ, ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ,ਕਟਲੀ, ਰੂਪਨਗਰ ਵੱਲੋਂ ਮੱਛੀ ਪਾਲਣ ਦੇ ਖੇਤਰ ਵਿੱਚ ਆਧੁਨਿਕ ਨਵੀਨਤਮ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਗਿਆ।
ਸ੍ਰੀਮਤੀ ਤਜਿੰਦਰ ਕੌਰ ਮੱਛੀ ਪਾਲਣ ਅਫਸਰ,ਸ੍ਰੀ ਅਨੰਦਪੁਰ ਸਾਹਿਬ ਵੱਲੋਂ ''ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ" ਤਹਿਤ ਵਿਭਾਗਾ ਵੱਲੋਂ ਮੱਛੀ ਕਾਸ਼ਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸ਼ਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਮਿਸ ਜਗਦੀਪ ਕੌਰ ਮੱਛੀ ਪਾਲਣ ਅਫਸਰ ਮੋਹਾਲੀ ਵੱਲੋਂ ਇੰਟੇਗ੍ਰੇਟਿਡ ਮੱਛੀ ਪਾਲਣ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਸ੍ਰੀ ਜਤਿੰਦਰ ਸਿੰਘ ਗਿੱਲ ਸੀਨੀਅਰ ਮੱਛੀ ਪਾਲਣ ਅਫਸਰ,ਰੂਪਨਗਰ ਵੱਲੋਂ ਨਵੀਨਤਮ ਤਕਨੀਕਾਂ ਸੰਬੰਧੀ ਵਿਸਥਾਰ ਨਾਲ ਦੱਸਿਆ ਗਿਆ। ਸ੍ਰੀ ਅਨਿਲ ਕੁਮਾਰ ਮੱਛੀ ਪ੍ਰਸਾਰ ਅਫਸਰ, ਕਟਲੀ,ਰੂਪਨਗਰ ਵੱਲੋਂ ਆਮ ਤੌਰ ਤੇ ਮੱਛੀ ਪਾਲਣ ਵਿੱਚ ਆਉਣ ਵਾਲੀਆਂ ਕੁਦਰਤੀ ਆਫਤਾਂ ਤੋਂ ਬਚਾਅ ਕਰਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਦੇ ਨਾਲ ਹੀ ਸ੍ਰੀ ਜਸਵਿੰਦਰ ਸਿੰਘ, ਫਾਰਮ ਸੁਪਰਡੰਟ ,ਰੂਪਨਗਰ ਵੱਲੋਂ ਮੱਛੀ ਪੂੰਗ ਪੈਦਾ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ ਅਤੇ ਇਸ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ।
ਮੁੱਖ ਰੂਪ ਵਿੱਚ ਇਹ ਵੀ ਦੱਸਿਆ ਗਿਆ ਕਿ ਹੁਣ ਭਵਿੱਖ ਵਿੱਚ ''ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ" ਅਧੀਨ ਇਹ ਧੰਦਾ ਸੁਰੂ ਕਰਨ ਵਾਸਤੇ ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ 11 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਜਨਰਲ ਕੈਟਾਗਿਰੀ ਲਈ ਸਬਸਿਡੀ ਦੀ ਰਕਮ 40 ਫੀਸਦੀ ਅਤੇ ਰਿਜ਼ਰਵ ਕੈਟਾਗਿਰੀ ਲਈ 60 ਫੀਸਦੀ ਸਬਸਿਡੀ ਦਿੱਤੀ ਗਈ ਅਤੇ ਵਿਸ਼ੇਸ ਰੂਪ ਵਿੱਚ ਔਰਤਾਂ (ਭਾਂਵੇ ਕਿਸੇ ਵੀ ਕੈਟਾਗਿਰੀ ਦੀਆਂ ਹੋਣ) ਲਈ ਵੀ 60 ਫੀਸਦੀ ਸਬਸਿਡੀ ਕੀਤੀ ਜਾ ਚੁੱਕੀ ਹੈ।
ਸਮਾਗਮ ਦੇ ਅੰਤ ਵਿੱਚ ਮੱਛੀ ਕਾਸ਼ਤਕਾਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਚਿਤ ਸੁਝਾਅ ਵੀ ਦਿੱਤੇ ਗਏ। ਅਖੀਰ ਵਿੱਚ ਮੁੱਖ ਕਾਰਜਕਾਰੀ ਅਫਸਰ ਵੱਲੋਂ ਸਮਾਗਮ ਵਿੱਚ ਹਾਜ਼ਰ ਹੋਏ ਮੱਛੀ ਕਾਸ਼ਤਕਾਰਾਂ ਅਤੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।