ਡਾ ਦਮਨ ਝਾਂਜੀ ਖੇਤ ਵਿੱਚ ਸੁਪਰ ਸੀਡਰ ਨਾਲ ਬੀਜੀ ਗਈ ਕਣਕ ਵਾਲੇ ਖੇਤ ਦਾ ਦੌਰਾ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 23 ਨਵੰਬਰ : ਡਾ. ਸੁਰਜੀਤ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਜਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਕਿਸਾਨਾਂ ਦੇ ਖੇਤਾਂ ਦੇ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਬਿਜਾਈ ਕਰਨ ਵਿੱਚ ਅਤੇ ਬਿਜਾਈ ਉਪਰੰਤ ਆ ਰਹੀ ਸਮੱਸਿਆ ਦਾ ਮੌਕੇ ਤੇ ਹਲ ਕੀਤਾ ਜਾ ਸਕੇ। ਇਸ ਤਹਿਤ ਪਿੰਡ ਪੰਜਕੋਹਾ ਬਲਾਕ ਖਮਾਣੋ ਦੇ ਕਿਸਾਨ ਸ੍ਰੀ ਮੇਜਰ ਸਿੰਘ ਦੇ ਖੇਤ ਵਿੱਚ ਸੁਪਰ ਸੀਡਰ ਨਾਲ ਬੀਜੀ ਗਈ ਕਣਕ ਵਾਲੇ ਖੇਤ ਦਾ ਜਾਇਜਾ ਲਿਆ ਗਿਆ ।
ਡਾ. ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫਸਰ, ਖਮਾਣੋ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ ਨੇ 15 ਏਕੜ ਜਮੀਨ ਵਿੱਚ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ।ਇਸ ਕਿਸਾਨ ਨੇ ਪਿਛਲੇ ਸਾਲ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਸੀ ਅਤੇ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਕਿਸਾਨ ਦੀ ਫਸਲ ਬਹੁਤ ਵਧੀਆ ਜੰਮੀ ਹੈ ਅਤੇ ਬਲਾਕ ਵਿੱਚ ਸੁਪਰ ਸੀਡਰ ਨਾਲ ਬਿਜਾਈ ਕਰਨ ਵਾਲੇ ਕਿਸਾਨ ਇਸ ਮਸ਼ੀਨ ਨਾਲ ਬਿਜਾਈ ਕਰਕੇ ਖੁਸ਼ ਹਨ।ਡਾ ਝਾਂਜੀ ਨੇ ਕਿਹਾ ਕਿ ਜਿਲ੍ਹੇ ਦੇ ਕਿਸਾਨਾਂ ਵੱਲੋਂ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਸੁਪਰ ਸੀਡਰ, ਹੈਪੀ ਸੀਡਰ, ਰੋਟਰੀ ਸੀਡ ਡਰਿੱਲ ਆਦਿ ਨਾਲ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਮਲਚ ਦੇ ਤੌਰ ਤੇ ਵਰਤ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ।
ਪਰਾਲੀ ਨੂੰ ਜਮੀਨ ਵਿੱਚ ਰਲਾਉਣ ਨਾਲ ਜਮੀਨ ਦੇ ਲਘੂ ਤੱਤ ਬਰਕਰਾਰ, ਜਮੀਨ ਦੇ ਆਰਗੈਨਿਕ ਮਾਦੇ ਵਿੱਚ ਵਾਧਾ, ਜਮੀਨ ਦੀ ਪਾਣੀ ਜਜਬ ਕਰਨ ਦੀ ਸਮਰੱਥਾ ਵਿੱਚ ਵਾਧਾ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ। ਡਾ ਝਾਂਜੀ ਨੇ ਸਮੂਹ ਕਿਸਾਨਾਂ ਨੂੰ ਕਿਹਾ ਕਿ ਉਹ ਕੇਵਲ ਪੀ.ਏ.ਯੂ ਤੋਂ ਮਨਜੂਰਸ਼ੁਦਾ ਕਿਸਮਾਂ ਅਤੇ ਸਿਫਾਰਸ਼ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਖੇਤੀ ਖਰਚੇ ਘਟਾਏ ਜਾ ਸਕਣ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਜਮੀਂਨ ਵਿੱਚ ਰਲਾਉਣ ਨਾਲ ਜਮੀਂਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਆੳਂਦੀ ਹੈ।ਉਨ੍ਹਾਂ ਨੇ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।