ਲੁਧਿਆਣਾ,23 ਨਵੰਬਰ,2020: ਪੰਜਾਬ ਦੇ ਵਿੱਚ ਠੰਢ ਨੇ ਬੀਤੇ ਦਸ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਹਾੜੀ ਇਲਾਕਿਆਂ ਵਿੱਚ ਪੈ ਰਹੀ ਲਗਾਤਾਰ ਬਰਫਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਕਾਰਨ ਲਗਾਤਾਰ ਠੰਢ ਵਧਦੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਦਾਅਵਾ ਹੈ ਕਿ ਬੀਤੇ ਦਿਨ ਘੱਟੋ ਘੱਟ ਪਾਰਾ 4.5 ਦਰਜ ਕੀਤਾ ਗਿਆ ਹੈ ਜਿਸ ਨੇ ਬੀਤੇ 10 ਸਾਲ ਦਾ ਰਿਕਾਰਡ ਤੋੜਿਆ । ਨਵੰਬਰ ਮਹੀਨੇ ਦੇ ਵਿੱਚ ਕਦੇ ਵੀ ਪਾਰਾ ਏਨਾ ਹੇਠਾਂ ਨਹੀਂ ਡਿੱਗਦਾ, ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਠੰਢ ਹੋਰ ਵਧੇਗੀ।
ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਪਹਾੜਾਂ ਵਿੱਚ ਠੰਢ ਅਤੇ ਬਰਫ਼ਬਾਰੀ ਪੈਣ ਕਰਕੇ ਸ਼ੀਤ ਲਹਿਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਅਤੇ ਰਾਤ ਅਤੇ ਦਿਨ ਦਾ ਪਾਰਾ ਹੇਠਾਂ ਡਿੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਚ ਵੀ ਪੰਜਾਬ ਦੇ ਕੁੱਝ ਜੰਮੂ ਕਸ਼ਮੀਰ ਅਤੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਖੇਤਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ, ਉਨ੍ਹਾਂ ਕਿਹਾ ਕਿ ਰਾਤ ਅਤੇ ਦਿਨ ਦਾ ਪਾਰਾ ਆਉਂਦੇ ਦਿਨਾਂ ਚ ਹੋਰ ਡਿੱਗੇਗਾ ਅਤੇ ਲੋਕਾਂ ਨੂੰ ਠੰਢ ਵੱਧ ਮਹਿਸੂਸ ਹੋਵੇਗੀ। ਉਨ੍ਹਾਂ ਕਿਹਾ ਕਿ ਬੀਤੇ ਸਾਲ ਵੀ ਪਾਰਾ ਲਗਾਤਾਰ ਹੇਠਾਂ ਡਿਗਦਾ ਦਰਜ ਕੀਤਾ ਗਿਆ ਸੀ ਅਤੇ ਇਸ ਸਾਲ ਵੀ ਅਜਿਹੀ ਹੀ ਠੰਢ ਵੇਖਣ ਨੂੰ ਮਿਲੇਗੀ।