ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2020: - ਸਿਵਲ ਹਸਪਤਾਲ ਬਠਿੰਡਾ ’ਚ ਥੈਲੀਸੀਮੀਆ ਪੀੜਤ ਬੱਚਿਆਂ ਨੂੰ ਖੂਨ ਚੜਾਉਣ ਦੇ ਮਾਮਲੇ ’ਚ ਚੱਲ ਰਹੀ ਜਾਂਚ ਤੇ ਸਿਹਤ ਵਿਭਾਗ ਦੀਆਂ ਮੁਲਾਜ਼ਮ ਜੱਥੇਬੰਦੀਆਂ ਨੇ ਉਂਗਲ ਉਠਾ ਦਿੱਤੀ ਹੈ। ਅੱਜ ਜੱਥੇਬਦੀਆਂ ਨੇ ਮੀਟਿੰਗ ਕਰਕੇ ਇਸ ਘਟਨਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਇਸ ਘਟਨਾਕ੍ਰਮ ਪਿੱਛੇ ਵੱਡੀ ਸਾਜ਼ਿਸ਼ ਦੀ ਸ਼ੰਕਾ ਜਾਹਿਰ ਕਰਦਿਆਂ ਆਗੂਆਂ ਨੇ ਸਵਾਲ ਖੜ੍ਹੇ ਕੀਤੇ ਹਨ। ਆਗੂਆਂ ਨੇ ਖਦਸ਼ਾ ਜਤਾਇਆ ਕਿ ਸਰਕਾਰ ਦੀ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਪ੍ਰਫੁੱਲਤ ਕਰਨ ਲਈ ਅਫਸ਼ਰਸ਼ਾਹੀ ਬਲੱਡ ਬੈਂਕ ਦੀ ਸ਼ਾਖ ਨੂੰ ਖੋਰ ਰਹੀ ਹੈ ਤਾਂ ਜੋ ਕਾਰਪੋਰੇਟ ਘਰਾਣੇ ਇਸ ਦਾ ਫਾਇਦਾ ਉਠਾਕੇ ਲੁੱਟ ਖਸੁੱਟ ਕਰ ਸਕਣ। ਮੁਲਾਜਮ ਆਗੂਆਂ ਨੇ ਕਿਹਾ ਕਿ ਇਸ ਤਰਾਂ ਦੇ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਬਲੱਡ ਬੈਂਕ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਈ ਸਿਖਲਾਈ ਨਾ ਦੇਣੀ,ਸਿਵਲ ਹਸਪਤਾਲ ’ਚ ਤਿੰਨ ਤਿੰਨ ਪਥੈਲੋਜਿਸਟ ਡਾਕਟਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬੀ ਟੀ ਓ ਦੇ ਤੌਰ ਤੇ ਤਾਇਨਾਤ ਨਾ ਕਰਨਾ, ਸਿਰਫ ਜਰਨਲ ਡਾਕਟਰ ਨੂੰ ਹੀ ਬੀ ਟੀ ਓ ਲਾ ਦੇਣਾ, ਅੱਧੇ ਨਾਲੋਂ ਘੱਟ ਸਟਾਫ ਤੋਂ ਲਗਾਤਾਰ ਡਿਊਟੀ ਕਰਵਾਉਣਾ ,ਜਾਂਚ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਚੁੱਪ ਰਹਿਣ ਲਈ ਦਬਾਅ ਬਣਾਉਣਾ , ਕਮੇਟੀ ਦੀ ਗੁਪਤ ਰਿਪੋਰਟ ਮੀਡੀਆ ’ਚ ਨਸ਼ਰ ਹੋਣਾ,ਮੁਲਾਜ਼ਮਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸਿਰਫ ਟੈਲੀਫੋਨ ਰਾਹੀਂ ਸੁਨੇਹੇ ਦੇਣਾ ਅਤੇ ਲਿਖਤੀ ਪੱਤਰਾਂ ਦੀ ਵਰਤੋਂ ਨਾ ਕਰਨਾ ਦਰਸਾਉਂਦਾ ਹੈ ਹਸਪਤਾਲ ਪ੍ਰਸ਼ਾਸਨ ਇਸ ਘਟਨਾ ਦੇ ਅਸਲੀ ਕਾਰਨਾਂ ਅਤੇ ਅਸਲੀ ਦੋਸ਼ੀਆਂ ਨੂੰ ਬਚਾਉਣ ਤੇ ਤੁਲਿਆ ਅਤੇ ਸਿਰਫ ਤੇ ਸਿਰਫ ਠੇਕੇ ਤੇ ਭਰਤੀ ਹੋਏ ਲੈਬ. ਟੈਕਨੀਸ਼ੀਅਨਾਂ ਨੂੰ ਦੋਸ਼ੀ ਸਾਬਿਤ ਕਰਨ ’ਚ ਜੁਟਿਆ ਹੋਇਆ ਹੈ।
ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਬਗੈਰ ਦੋਸ਼ ਤੋਂ ਨਪੀੜਨਾ ਬੰਦ ਨਾ ਕੀਤਾ ਅਤੇ ਸਹੀ ਮਾਇਨਿਆਂ ’ਚ ਜਿੰਮੇਵਾਰ ਅਧਿਕਾਰੀਆਂ ਤੇ ਮਿਹਰਬਾਨੀਆ ਦਾ ਸਿਲਸਿਲਾ ਜਾਰੀ ਰੱਖਿਆ ਤਾਂ ਆਉਣ ਵਾਲੇ ਦਿਨਾਂ ਦੌਰਾਨ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੀ ਇਸ ਮੀਟਿੰਗ ’ਚ ਗਗਨਦੀਪ ਸਿੰਘ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ, ਕੁਲਵਿੰਦਰ ਸਿੰਘ ਫਰਮਾਸਿਸਟ ਯੂਨੀਅਨ,ਹਾਕਮ ਸਿੰਘ ਲੈਬਰਾਟਰੀ ਟੈਕਨੀਸ਼ੀਅਨ ਯੂਨੀਅਨ, ਦਰਸ਼ਨ ਸਿੰਘ ਖਾਲਸਾ ਲੈਬਰਾਟਰੀ ਯੂਨੀਅਨ, ਜਸਵਿੰਦਰ ਸ਼ਰਮਾ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਬੂਟਾ ਸਿੰਘ, ਹਰਜੀਤ ਸਿੰਘ,ਅਜੈ ਸ਼ਰਮਾ, ਜਗਦੀਪ ਸਿੰਘ ,ਸ਼ਿਵਪਾਲ ਸਿੰਘ ਅਤੇ ਦੀਪਕ ਕੁਮਾਰ ਆਦਿ ਆਗੂ ਹਾਜ਼ਰ ਸਨ।