ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2020- ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ 26 ਨਵੰਬਰ ਦੀ ਹੜਤਾਲ ਦੇ ਡਟਵੇਂ ਸਮਰਥਨ ਦਾ ਐਲਾਨ ਕਰਦਿਆਂ ਆਖਿਆ ਹੈ ਕਿ ਕਿਸਾਨਾਂ,ਮਜ਼ਦੂਰਾਂ,ਮੁਲਾਜ਼ਮਾਂ ਤੇ ਮੋਦੀ ਹਕੂਮਤ ਵੱਲੋਂ ਵਿੱਢੇ ਚੌਤਰਫ਼ਾ ਹਮਲੇ ਖ਼ਿਲਾਫ਼ ਸਭਨਾਂ ਤਬਕਿਆਂ ਦੀ ਇਕਜੁੱਟਤਾ ਦਾ ਬੇਹੱਦ ਮਹੱਤਵ ਅਤੇ ਇਹ ਹੜਤਾਲ ਮੋਦੀ ਹਕੂਮਤ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਸਭ ਤਬਕਿਆਂ ਦੇ ਸਾਂਝੇ ਵਿਰੋਧ ਦਾ ਇਜਹਾਰ ਹੈ।ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਨਾ ਸਿਰਫ ਮੋਦੀ ਹਕੂਮਤ ਵੱਲੋਂ ਛੋਟੀ ਖੇਤੀ ਦੀ ਮੁਕੰਮਲ ਤਬਾਹੀ ਲਈ ਕਾਰਪੋਰੇਟ ਪੱਖੀ ਖੇਤੀ ਬਿੱਲ ਲਿਆਂਦੇ ਗਏ ਹਨ ਸਗੋਂ ਕਿਰਤ ਕਾਨੂੰਨਾਂ ਵਿੱਚ ਵੀ ਕਾਰਪੋਰੇਟ ਪੱਖੀ ਸੋਧਾਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਭਾਰਤ ਦੇ ਕੋਲਾ, ਖਣਿਜ, ਸਪੇਸ, ਰੇਲਵੇ ਵਰਗੇ ਖੇਤਰ ਕਾਰਪੋਰੇਟਾਂ ਦੇ ਮੁਨਾਫ਼ਿਆਂ ਲਈ ਖੋਹਲੇ ਅਤੇ ਛੋਟਾਂ ਦੇਣ ਦੇ ਨਾਲ ਨਾਲ ਬਿਜਲੀ ਸੋਧ ਬਿਲ ਵਰਗੇ ਕਾਰਪੋਰੇਟ ਪੱਖੀ ਬਿੱਲ ਲਿਆਂਦੇ ਗਏ ਹਨ।
ਉਹਨਾਂ ਕਿਹਾ ਕਿ ਮੁਲਕ ਦੇ ਕਿਰਤੀ ਲੋਕਾਂ ਦੀਆਂ ਜਿਊਣ ਹਾਲਤਾਂ ਨੂੰ ਤਬਾਹ ਕਰ ਕੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਲਾਗੂ ਕੀਤਾ ਜਾ ਰਿਹਾ ਹੈ ਅਤੇ ।ਸਾਡੇ ਮੁਲਕ ਦੇ ਸੋਮਿਆਂ ਤੇ ਕਿਰਤ ਸ਼ਕਤੀ ਦੀ ਲੁੱਟ ਦੇ ਸਿਰ ਤੇ ਵੱਡੇ ਕਾਰਪੋਰੇਟਾਂ ਜਗੀਰਦਾਰਾਂ ਦੇ ਮੁਨਾਫੇ ਵਧਾਏ ਜਾ ਰਹੇ ਹਨ ਅਤੇ ਇਸੇ ਨੂੰ ਮੁਲਕ ਦੇ ਵਿਕਾਸ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਆਰਥਿਕ ਸੁਧਾਰਾਂ ਦੇ ਨਾਮ ਹੇਠ ਲਾਗੂ ਕੀਤੀਆਂ ਜਾ ਰਹੀਆਂ ਇਹਨਾਂ ਨੀਤੀਆਂ ਨੇ ਮੁਲਕ ਦੀ ਖੇਤੀ ਨੂੰ ਡੂੰਘੇ ਸੰਕਟ ਦਾ ਸ਼ਿਕਾਰ ਬਣਾ ਦਿੱਤਾ ਹੈ ਅਤੇ ਸਨਅਤ, ਸੇਵਾਵਾਂ, ਰੁਜਗਾਰ ਵਰਗੇ ਸਾਰੇ ਖੇਤਰਾਂ ਅੰਦਰ ਭਾਰੀ ਤਬਾਹੀ ਮਚਾਈ ਹੈ। ਉਹਨਾਂ ਕਿਹਾ ਕਿ ਮੌਜੂਦਾ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ 26 ਤਰੀਕ ਦੀ ਹੜਤਾਲ ’ਚ ਇਹਨਾਂ ਨੀਤੀਆਂ ਨੂੰ ਖਿਲਾਫ ਉੱਠਣ ਦਾ ਸੱਦਾ ਦਿੰਦਿਆਂ ਇੱਕਜੁਟਤਾ ਵਾਲਾ ਵਿਰੋਧ ਉਸਾਰਨ ਦੀ ਅਪੀਲ ਕੀਤੀ।