ਅਸ਼ੋਕ ਵਰਮਾ
ਮਾਨਸਾ, 24 ਨਵੰਬਰ 2020 - ਮਾਨਸਾ ਪੁਲਿਸ ਨੇ ਅੰਤਰਰਾਜੀ ਲੁਟੇਰਾ ਗਿਰੋਹ ਦੇ 4 ਮੈਂਬਰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਦੋ ਮੌਕੇ ਤੋਂ ਫਰਾਰ ਹੋ ਗਏ ਹਨ। ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਤਾਂ ਦਰੱਖਤਾਂ ਦੇ ਝੁੰਡ ’ਚ ਬੈਠੇ ਮਾਰੂ ਹਥਿਆਰਾਂ ਨਾਲ ਕਿਸੇ ਵੱਡੀ ਵਾਰਦਾਤ ਦੀ ਵਿਉਂਤਬੰਦੀ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਤੋਂ ਲੋਹੇ ਦੀ ਪਾਈਪਨੁਮਾ ਰਾਡ ,ਇੱਕ ਗੰਡਾਸੀ, ਕੁਹਾੜੀ, ਅਤੇ ਲੋਹੇ ਦੇ ਦਾਹ ਤੋਂ ਇਲਾਵਾ 7 ਮੋੋਟਰਸਾਈਕਲ ਅਤੇ 5 ਟੱਚ-ਸਕਰੀਨ ਮੋਬਾਇਲ ਵੀ ਬਰਾਮਦ ਕੀਤੇ ਹਨ।
ਪੁਲਿਸ ਨੇ ਬਾਕੀ ਦੋ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਮਾਨਸਾ ਸੁਰੇਂਦਰ ਲਾਂਬਾ ਨੇ ਅੱਜ ਇਸ ਬਾਰੇ ਖੁਲਾਸਾ ਕੀਤਾ ਹੈ। ਉਹਨਾਂ ਦੱਸਿਆ ਕਿ ਥਾਣਾ ਜੌੌੜਕੀਆਂ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਜਸਵਿੰਦਰ ਸਿੰਘ ਉਰਫ ਭੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਚਨਾਰਥਲ (ਬਠਿੰਡਾ), ਅਰਸ਼ਦੀਪ ਸਿੰਘ ਉਰਫ ਅਰਸ਼ੂ ਪੁੱਤਰ ਕਾਲਾ ਸਿੰਘ, ਮਨਪ੍ਰੀਤ ਸਿੰਘ ਉਰਫ ਘਾਚਾ ਪੁੱਤਰ ਕਾਕਾ ਸਿੰਘ, ਗੁਰਵਿੰਦਰ ਸਿੰਘ ਉਰਫ ਬੂਰਾ ਪੁੱਤਰ ਮਿੱਠੂ ਸਿੰਘ, ਮੰਗਾਂ ਸਿੰਘ ਪੁੱਤਰ ਅਜੈਬ ਸਿੰਘ ਵਾਸੀਆਨ ਮੌੌੜ ਚੜਤ ਸਿੰਘ ਵਾਲਾ (ਬਠਿੰਡਾ) ਅਤੇ ਲਖਵਿੰਦਰ ਸਿੰਘ ਉਰਫ ਮਿੰਦੀ ਪੁੱਤਰ ਜਾਨੀ ਸਿੰਘ ਵਾਸੀ ਜੋੋਧਪੁਰ ਪਾਖਰ (ਬਠਿੰਡਾ) ਨੇ ਅੰਤਰਰਾਜੀ ਲੁਟੇਰਾ ਗਿਰੋਹ ਬਣਾਇਆ ਹੋਇਆ ਹੈ।
ਉਹਨਾਂ ਦੱਸਿਆ ਕਿ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਇਹ ਲੋਕ ਪਿੰਡ ਜਗਤਗੜ ਬਾਂਦਰ ਦੀ ਹੱਦ ’ਚ ਭਾਖੜਾ ਨਹਿਰ ਦੇ ਪੁਲ ਨੇੜੇ ਦਰੱਖਤਾਂ ਦੇ ਝੁੰਡ ਵਿੱਚ ਬੈਠੇ ਲੁੱਟ-ਖੋਹ ਵਰਗੀ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜੌੜਕੀਆਂ ਪੁਲਿਸ ਨੇ ਛੇਆਂ ਖਿਲਾਫ ਮੁਕੱਦਮਾ ਦਰਜ ਕਰਨ ਉਪਰੰਤ ਸੂਚਨਾਂ ਵਾਲੀ ਥਾਂ ਤੇ ਛਾਪਾ ਮਾਰਿਆ ਅਤੇ ਘੇਰਾ ਪਾਕੇ ਜਸਵਿੰਦਰ ਸਿੰਘ ਉਰਫ ਭੱਲਾ, ਅਰਸ਼ਦੀਪ ਸਿੰਘ ਉਰਫ ਅਰਸ਼ੂ, ਮਨਪ੍ਰੀਤ ਸਿੰਘ ਉਰਫ ਘਾਚਾ ਅਤੇ ਗੁਰਵਿੰਦਰ ਸਿੰਘ ਉਰਫ ਬੂਰਾ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ।
ਉਹਨਾਂ ਦੱਸਆ ਕਿ ਇਹਨਾਂ ਸਾਰੇ ਮੁਲਜ਼ਮਾਂ ਦਾ ਪਿਛਲਾ ਰਿਕਾਰਡ ਅਪਰਾਧਿਕ ਹੈ ਅਤੇ ਉਹਨਾਂ ਖਿਲਾਫ ਪੰਜਾਬ ਅਤੇ ਹਰਿਆਣਾ ਸੂਬਿਆਂ ’ਚ ਸੰਗੀਨ ਜੁਰਮਾਂ ਅਤੇ ਨਸ਼ਿਆਂ ਆਦਿ ਦੇ 11 ਤੋਂ ਵੱਧ ਮੁਕੱਦਮੇ ਪਹਿਲਾਂ ਤੋਂ ਹੀ ਦਰਜ ਹਨ। ਉਹਨਾਂ ਦੱਸਿਆ ਕਿ ਇਹਨਾਂ ਦੇ ਬਾਕੀ ਰਹਿੰਦੇ ਦੋ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਹੁਣ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।