ਹਰਜਿੰਦਰ ਸਿੰਘ ਭੱਟੀ
- 14632 ਉਮੀਦਵਾਰ ਰਜਿਸਟਰਡ
- ਉਮੀਦਵਾਰ ਸਰਕਾਰੀ ਡਾਕਟਰ ਦੁਆਰਾ ਦਿੱਤੇ ਕੋਵਿਡ ਨੈਗੇਟਿਵ ਸਰਟੀਫਿਕੇਟ ਲੈ ਕੇ ਆਉਣ
ਐਸ.ਏ.ਐਸ.ਨਗਰ, 24 ਨਵੰਬਰ 2020 - ਲੁਧਿਆਣਾ, ਮੋਗਾ, ਐਸ.ਏ.ਐਸ.ਨਗਰ ਅਤੇ ਰੂਪ ਨਗਰ ਜ਼ਿਲ੍ਹਿਆਂ ਤੋਂ ਨਾਮ ਦਰਜ ਕਰਾਉਣ ਵਾਲੇ ਉਮੀਦਵਾਰਾਂ ਦੀ ਫੌਜ ਭਰਤੀ ਰੈਲੀ 07 ਦਸੰਬਰ ਤੋਂ 22 ਦਸੰਬਰ, 2020 ਤੱਕ ਏ.ਐੱਸ.ਕਾਲਜ, ਕਲਾਲ ਮਾਜਰਾ, ਖੰਨਾ ਵਿਖੇ ਕੀਤੀ ਜਾਵੇਗੀ। ਫੌਜ ਭਰਤੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਭਰਤੀ ਵੱਖ-ਵੱਖ ਸ਼੍ਰੇਣੀਆਂ ਦੇ ਸਿਪਾਹੀਆਂ ਲਈ ਹੈ ਜਿਨ੍ਹਾਂ ਵਿਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ/ ਸਟੋਰ ਕੀਪਰ ਤਕਨੀਕੀ, ਸਿਪਾਹੀ ਤਕਨੀਕੀ ਅਤੇ ਸਿਪਾਹੀ ਨਰਸਿੰਗ ਸਹਾਇਕ ਸ਼ਾਮਲ ਹਨ।
ਭਰਤੀ ਜਾਂਚ ਲਈ ਕੁੱਲ 14,632 ਉਮੀਦਵਾਰਾਂ ਨੇ ਰਜਿਸਟਰ ਕੀਤਾ, ਉਹਨਾਂ ਦੱਸਿਆ ਕਿ ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀ ਵਰਤਦਿਆਂ ਕੋਈ ਵੀ ਉਮੀਦਵਾਰ ਇੱਕ ਦਿਨ ਪਹਿਲਾਂ ਰੈਲੀ ਵਾਲੀ ਥਾਂ 'ਤੇ ਨਹੀਂ ਆਵੇਗਾ। ਰੈਲੀ ਵਾਲੀ ਥਾਂ 'ਤੇ ਦੋਸਤਾਂ / ਮਾਪਿਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਉਮੀਦਵਾਰ ਪੰਜ ਦਿਨ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣਗੇ ਅਤੇ ਸਰਕਾਰੀ ਡਾਕਟਰ ਦੁਆਰਾ ਦਸਤਖਤ ਕੀਤੇ ਕੋਵਿਡ ਨੈਗੇਟਿਵ ਸਰਟੀਫਿਕੇਟ ਲੈ ਕੇ ਆਉਣ। ਉਹਨਾਂ ਦੁਹਰਾਇਆ ਕਿ ਕੋਵਿਡ ਨੈਗੇਟਿਵ ਸਰਟੀਫਿਕੇਟ ਤੋਂ ਬਿਨਾਂ ਕਿਸੇ ਨੂੰ ਵੀ ਦਾਖਲੇ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਸਾਰੇ ਉਮੀਦਵਾਰ ਆਪਣੇ ਨਾਲ ਫੇਸ ਮਾਸਕ, ਦਸਤਾਨੇ ਅਤੇ ਹੈਂਡ ਸੈਨੀਟਾਈਜ਼ਰ ਜ਼ਰੂਰ ਲੈ ਕੇ ਆਉਣ।
ਬੁਲਾਰੇ ਨੇ ਦੱਸਿਆ ਕਿ ਉਮੀਦਵਾਰ ਆਪਣਾ ਦਾਖਲਾ ਕਾਰਡ ਆਪਣੀ ਰਜਿਸਟਰਡ ਮੇਲ ਆਈਡੀ ਜਾਂ ਵੈਬਸਾਈਟ www.joinindianarmy.nic ਤੋਂ ਡਾਊਨਲੋਡ ਕਰ ਸਕਦੇ ਹਨ। ਰੈਲੀ ਵਾਲੀ ਜਗ੍ਹਾ 'ਤੇ 7 ਵਜੇ ਤੋਂ 10 ਵਜੇ ਤੱਕ ਦਾਖਲਾ ਹੋਵੇਗਾ। ਉਮੀਦਵਾਰ ਫਿਜੀਕਲ ਫਿਟਨੈਸ ਟੈਸਟ ਕਰਵਾਉਣਗੇ ਅਤੇ ਇਸ ਦੇ ਬਾਅਦ ਸਰੀਰਕ ਮਾਪ ਟੈਸਟ ਦੇਣਗੇ। ਉਮੀਦਵਾਰਾਂ ਨੂੰ ਸਕ੍ਰੀਨਿੰਗ ਵਾਲੇ ਦਿਨ ਤਹਿਲਦਾਰ/ ਐਸ.ਡੀ.ਐਮ ਦੁਆਰਾ ਜਾਰੀ ਆਨਲਾਈਨ ਨਿਵਾਸ ਸਰਟੀਫਿਕੇਟ ਅਤੇ ਆਨਲਾਈਨ ਜਾਤੀ ਪ੍ਰਮਾਣ ਪੱਤਰ ਸਮੇਤ ਅਧਾਰ ਕਾਰਡ, ਸਿੱਖਿਆ ਪ੍ਰਮਾਣ ਪੱਤਰ ਲਿਆਉਣਾ ਲਾਜ਼ਮੀ ਹੈ। ਕੋਈ ਮੈਨੂਅਲ ਸਰਟੀਫਿਕੇਟ ਸਵੀਕਾਰ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਮੀਦਵਾਰ ਨੇ ਸਕੂਲ ਅਤੇ ਕਾਲਜਾਂ ਵਲੋਂ ਦਿੱਤਾ ਚਰਿੱਤਰ ਸਰਟੀਫਿਕੇਟ, ਪਿੰਡ ਦੇ ਸਰਪੰਚ / ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ ਫੋਟੋ ਸਮੇਤ ਜਾਰੀ ਕੀਤਾ ਅਣਵਿਆਹੇ ਹੋਣ ਦਾ ਸਰਟੀਫਿਕੇਟ, ਪਿੰਡ ਦੇ ਸਰਪੰਚ ਦੁਆਰਾ ਕਾਊਂਟਰਸਾਈਨਡ ਨੋ ਕਲੇਮ ਸਰਟੀਫਿਕੇਟ ਫੋਟੋ ਸਮੇਤ ਲਿਆਉਣਾ ਹੈ। 18 ਸਾਲ ਤੋਂ ਘੱਟ ਉਮਰ ਦੇ ਉਮੀਦਵਾਰ ਆਪਣੇ ਮਾਪਿਆਂ ਦੁਆਰਾ ਹਸਤਾਖਰ ਕੀਤੇ ਨੋ ਕਲੇਮ ਸਰਟੀਫਿਕੇਟ ਲੈ ਕੇ ਆਉਣ। ਜੇ ਉਨ੍ਹਾਂ ਕੋਲ ਐਨਸੀਸੀ ਸਰਟੀਫਿਕੇਟ (ਏ /ਬੀ/ ਸੀ), ਪਿਛਲੇ ਦੋ ਸਾਲਾਂ ਵਿੱਚ ਅੰਤਰ ਰਾਸ਼ਟਰੀ / ਰਾਸ਼ਟਰੀ / ਰਾਜ ਪੱਧਰ 'ਤੇ ਖੇਡਾਂ ਵਿਚ ਹਿੱਸਾ ਲੈ ਕੇ ਪਹਿਲੇ ਅਤੇ ਦੂਜੇ ਸਥਾਨ 'ਤੇ ਆਉਣ ਦਾ ਸਰਟੀਫਿਕੇਟ, ਰਿਲੇਸ਼ਨਸ਼ਿਪ ਸਰਟੀਫਿਕੇਟ ਅਤੇ ਡਿਸਚਾਰਜ ਬੁੱਕ (ਸਰਵਿਸਮੈਨ /ਸਾਬਕਾ ਸੈਨਿਕ ਦੇ ਵਾਰਡਾਂ ਦੇ ਸੰਬੰਧ ਵਿਚ) ਦਾ ਸਰਟੀਫਿਕੇਟ, ਜੇ ਹੈ ਤਾਂ ਉਹ ਵੀ ਨਾਲ ਲੈ ਕੇ ਆਉਣ। ਸਿੱਖ ਉਮੀਦਵਾਰ ਆਪਣੀ ਦਸਤਾਰ ਸਮੇਤ ਅਤੇ ਬਿਨਾਂ ਦਸਤਾਰ ਦੀਆਂ ਤਾਜ਼ਾ ਤਸਵੀਰਾਂ ਨਾਲ ਲੈ ਕੇ ਆਉਣ।
ਉਮੀਦਵਾਰਾਂ ਨੂੰ ਲਾਜ਼ਮੀ ਤੌਰ 'ਤੇ ਆਪਣੀ ਸਕ੍ਰੀਨਿੰਗ ਵਾਲੇ ਦਿਨ ਰੈਲੀ ਵਾਲੀ ਥਾਂ 'ਤੇ 6:30 ਵਜੇ ਰਿਪੋਰਟ ਕਰਨੀ ਹੋਵੇਗੀ। ਯੋਗ ਉਮੀਦਵਾਰਾਂ ਦੀ ਡਾਕਟਰੀ ਜਾਂਚ ਸਰੀਰਕ ਜਾਂਚ ਦੇ ਅਗਲੇ ਦਿਨ ਕੀਤੀ ਜਾਵੇਗੀ। ਸਕ੍ਰੀਨਿੰਗ ਵਿੱਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਈ.) ਬਾਰੇ ਰੈਲੀ ਦੌਰਾਨ ਦੱਸਿਆ ਜਾਵੇਗਾ। ਬੁਲਾਰੇ ਨੇ ਚੇਤਾਵਨੀ ਦਿੱਤੀ ਕਿ ਝੂਠੇ ਨਾਮਾਂਕਣ ਦੀ ਕੋਸ਼ਿਸ਼ ਕਰਨ ਵਾਲੇ ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।