- 14 ਮੋਟਰਸਾਈਕਲਾਂ ਸਮੇਤ ਚੋਰ ਕੀਤਾ ਕਾਬੂ- ਕੁਲਬੀਰ ਚੰਦ
ਮਨਿੰਦਰਜੀਤ ਸਿੱਧੂ
ਜੈਤੋ, 24 ਨਵੰਬਰ 2020 - ਅੱਜ ਸੀ.ਆਈ.ਏ. ਸਟਾਫ਼ ਜੈਤੋ ਹੱਥ ਉਦੋਂ ਇੱਕ ਵੱਡੀ ਸਫ਼ਲਤਾ ਲੱਗੀ ਜਦੋਂ ਉਹਨਾਂ 14 ਮੋਟਰਸਾਇਕਲਾਂ ਸਮੇਤ ਇੱਕ ਚੋਰ ਨੂੰ ਕਾਬੂ ਕਰ ਲਿਆ। ਸੀ.ਆਈ.ਏ. ਸਟਾਫ਼ ਜੈਤੋ ਵਿਖੇ ਇੰਚਾਰਜ਼ ਸਬ-ਇੰਸਪੈਕਟਰ ਕੁਲਬੀਰ ਚੰਦ ਸ਼ਰਮਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ਼ ਇੱਕ ਮੁਹਿੰਮ ਚਲਾਈ ਗਈ ਹੈ।
ਜਿਸ ਦੇ ਚਲਦਿਆਂ ਅਸਿਸਟੈਂਟ ਸਬ-ਇੰਸਪੈਕਟਰ ਜਸਵੀਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਨਾਕਾ ਲਗਾਇਆ ਹੋਇਆ ਸੀ, ਜਿੱਥੇ ਉਸਨੂੰ ਮੁਖਬਰੀ ਹੋਈ ਕਿ ਪਿੰਡ ਬਿਸ਼ਨੰਦੀ ਤੋਂ ਜੈਤੋ ਵੱਲ ਨੂੰ ਇੱਕ ਵਿਅਤਕੀ ਚੋਰੀ ਦੇ ਮੋਟਰਸਾਇਕਲ ਉੱਪਰ ਸਵਾਰ ਹੋਕੇ ਆ ਰਿਹਾ ਹੈ। ਏ.ਐਸ.ਆਈ. ਜਸਵੀਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਭਗਤੂਆਣਾ ਵਿਖੇ ਚੌਂਕ ਨਾਕਾ ਲਗਾ ਕਿ ਮੋਟਰਸਾਇਕਲ ਚੋਰ ਨੂੰ ਕਾਬੂ ਕੀਤਾ ਗਿਆ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਚੋਰ ਦਾ ਨਾਮ ਕੁਲਵਿੰਦਰ ਸਿੰਘ ਹੈ ਅਤੇ ਉਹ ਬਿਸ਼ਨੰਦੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਦੀ ਨਿਸ਼ਾਨਦੇਹੀ ਉੱਪਰ ਉਸਦੇ ਘਰ ਵਿੱਚੋਂ 13 ਮੋਟਰਸਾਇਕਲ ਬਰਾਮਦ ਕਰ ਲਏ ਗਏ।ਚੋਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 379/411 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਕੁਲਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ। ਇਸ ਮੌਕੇ ਅਸਿਸਟੈਂਟ ਸਬ-ਇੰਸਪੈਕਟਰ ਰਾਜ ਕੁਮਾਰ, ਅਸਿਸਟੈਂਟ ਸਬ-ਇੰਸਪੈਕਟਰ ਸਿਕੰਦਰ ਸਿੰਘ, ਮੁੱਖ ਮੁਨਸ਼ੀ ਹਰਜਿੰਦਰ ਸਿੰਘ ਢਿੱਲਵਾਂ, ਹੌਲਦਾਰ ਕੁਲਵਿੰਦਰ ਸਿੰਘ, ਹੌਲਦਾਰ ਸੰਦੀਪ ਸਿੰਘ, ਹੌਲਦਾਰ ਖੁਸ਼ਵਿੰਦਰ ਸਿੰਘ ਸੇਵੇਵਾਲਾ ਆਦਿ ਹਾਜਰ ਸਨ।