← ਪਿਛੇ ਪਰਤੋ
ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ 2020: ਸੈਂਟਰਲ ਫਰਿਜ਼ਨੋ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਵਾਪਰੀ ਹੈ। ਜ਼ਖਮੀਆਂ ਨੂੰ ਘਟਨਾ ਦੇ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਆਂਡਰੇ ਬੈਂਸਨ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਾਮ ਦੇ ਤਕਰੀਬਨ 4:30 ਪੋਂਟੀਆਕ ਵੇਅ ਅਤੇ ਐਫੀ ਸਟ੍ਰੀਟ ਦੇ ਖੇਤਰ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਅਤੇ ਅਧਿਕਾਰੀਆਂ ਨੂੰ ਵਾਰਦਾਤ ਵਾਲੇ ਸਥਾਨ 'ਤੇ ਗੋਲੀ ਨਾਲ ਜ਼ਖ਼ਮੀ ਹੋਇਆ ਆਦਮੀ ਬੇਹੋਸ਼ੀ ਹਾਲਤ ਵਿੱਚ ਮਿਲਿਆ। ਇਸਦੇ ਕੁਝ ਹੀ ਪਲਾਂ ਬਾਅਦ ਦੂਜਾ ਆਦਮੀ ਬਰਕਲੇ ਐਵੀਨਿਊ ਅਤੇ ਹਾਵਰਡ ਸਟ੍ਰੀਟ ਨੇੜੇ ਆਪਣੀ ਕਾਰ ਦੇ ਕੋਲ ਗੋਲੀ ਨਾਲ ਜ਼ਖ਼ਮੀ ਹਾਲਤ ਵਿੱਚ ਸੀ। ਅਧਿਕਾਰੀਆਂ ਅਨੁਸਾਰ ਇਹ ਦੋਵੇਂ ਆਦਮੀ ਇੱਕੋ ਵਾਰਦਾਤ ਦੇ ਸ਼ਿਕਾਰ ਹੋਏ ਹਨ ਪਰ ਵੱਖ-ਵੱਖ ਥਾਵਾਂ ਤੋਂ ਜ਼ਖ਼ਮੀ ਹਾਲਤ ਵਿੱਚ ਮਿਲੇ ਹਨ। ਅਧਿਕਾਰੀ ਬੈਂਸਨ ਅਨੁਸਾਰ ਗੋਲੀਬਾਰੀ ਦੇ ਕਾਰਨਾਂ ਦੀ ਪੁਸ਼ਟੀ ਲਈ ਅਜੇ ਜਾਂਚ ਜਾਰੀ ਹੈ ਜਦਕਿ ਅਧਿਕਾਰੀਆਂ ਕੋਲ ਸੰਭਾਵਿਤ ਸ਼ੱਕੀ ਵਿਅਕਤੀਆਂ ਬਾਰੇ ਵੀ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਇਸ ਸਾਲ ਫਰਿਜ਼ਨੋ ਦੇ ਅਧਿਕਾਰੀਆਂ ਨੇ ਗੋਲੀਬਾਰੀ ਦੇ ਵਾਧੇ ਦਾ ਸਾਹਮਣਾ ਕੀਤਾ ਹੈ। ਜਿਕਰਯੋਗ ਹੈ ਕਿ ਫਰਿਜ਼ਨੋ ਵਿੱਚ ਸ਼ੁੱਕਰਵਾਰ ਨੂੰ ਇੱਕ ਸਾਈਕਲ ਵਿਕਰੇਤਾ ਦੇ ਕਤਲ ਨਾਲ ਕੁੱਲ ਕਤਲਾਂ ਦੀ ਗਿਣਤੀ 57 ਹੋ ਗਈ ਹੈ।
Total Responses : 929