ਹਰਦਮ ਮਾਨ
ਸਰੀ, 25 ਨਵੰਬਰ 2020 - ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰੀ ਦੇ ਵਸਨੀਕ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਦੁਆਰਾ ਸੰਪਾਦਿਤ ਪੁਸਤਕ “ਗ਼ਦਰੀ ਯੋਧੇ” ਨੂੰ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ-2015 ਦੇਣ ਦਾ ਐਲਾਨ ਕੀਤਾ ਹੈ। ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਕਰਮਜੀਤ ਕੌਰ ਵੱਲੋਂ ਇਸ ਸਬੰਧੀ ਅਨੰਤ ਨੂੰ ਭੇਜੇ ਪੱਤਰ ਅਨੁਸਾਰ ਇਹ ਪੁਰਸਕਾਰ 27 ਨਵੰਬਰ 2020 ਨੂੰ ਪਟਿਆਲਾ ਵਿਖੇ ਪੰਜਾਬੀ ਸਪਤਾਹ-2020 ਦੇ ਵਿਦਾਇਗੀ ਸਮਾਗਮ ਸਮੇਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਪੰਜਾਬ ਦੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪ੍ਰਦਾਨ ਕਰਨਗੇ। ਵਰਨਣਯੋਗ ਹੈ ਕਿ ਸਾਲ 2014 ਦੌਰਾਨ ਪ੍ਰਕਾਸ਼ਿਤ ਹੋਈਆਂ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਵਿੱਚੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾ ਵਿਚ ਛਪੀਆਂ 8 ਪੁਸਤਕਾਂ ਨੂੰ ਸਰਵੋਤਮ ਪੁਰਸਕਾਰ ਲਈ ਚੁਣਿਆ ਗਿਆ ਹੈ। ਜੈਤੇਗ ਸਿੰਘ ਅਨੰਤ ਪਹਿਲੇ ਪ੍ਰਵਾਸੀ ਸਾਹਿਤਕਾਰ ਹਨ ਜਿਨ੍ਹਾਂ ਦੀ ਪੁਸਤਕ ਇਸ ਪੁਰਸਕਾਰ ਲਈ ਚੁਣੀ ਗਈ ਹੈ।
ਜੈਤੇਗ ਸਿੰਘ ਅਨੰਤ ਨੂੰ ਇਹ ਪੁਰਸਕਾਰ ਮਿਲਣ ਤੇ ਵਧਾਈ ਦਿੰਦਿਆਂ ਵਰਲਡ ਸਿੱਖ ਆਗੇਨਾਈਜੇਸ਼ਨ ਦੇ ਫਾਊਂਡਰ ਪ੍ਰਧਾਨ ਗਿਆਨ ਸਿੰਘ ਸੰਧੂ, ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸੰਧੂ, ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਮੋਹਨ ਸਿੰਘ ਮੈਮੇਰੀਅਲ ਫਾਊਂਡੇਸ਼ਨ ਦੇ ਕਨਵੀਨਰ ਸਾਹਿਬ ਥਿੰਦ, ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਬਿੱਕਰ ਸਿੰਘ ਖੋਸਾ, ਲਖਬੀਰ ਸਿੰਘ ਖੰਗੂੜਾ ਅਤੇ ਹਰਦਮ ਸਿੰਘ ਮਾਨ ਕਿਹਾ ਹੈ ਕਿ ਸ. ਜੈਤੇਗ ਸਿੰਘ ਅਨੰਤ ਇਕ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ, ਸਮਾਜ-ਸੇਵੀ ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ ਰਵਾਂ ਹਨ ਅਤੇ ਇਹ ਪੁਰਸਕਾਰ ਜੈਤੇਗ ਸਿੰਘ ਅਨੰਤ ਦੀ ਸਾਹਿਤਕ ਘਾਲਣਾ ਦਾ ਸਨਮਾਨ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com