ਅਸ਼ੋਕ ਵਰਮਾ
- ਮਨੋਹਰ ਲਾਲ ਦਾ ਭਗਤਾ ਭਾਈ ’ਚ ਅੰਤਮ ਸਸਕਾਰ
ਬਠਿੰਡਾ, 25 ਨਵੰਬਰ 2020 - ਕਸਬਾ ਭਗਤਾ ਭਾਈ ’ਚ ਡੇਰਾ ਸ਼ਰਧਾਲੂ ਮਨੋਹਰ ਲਾਲ (55) ਦਾ ਗੋਲੀਆਂ ਮਾਰਕੇ ਕਤਲ ਕਰਨ ਦੇ ਵਿਰੋਧ ’ਚ ਡੇਰਾ ਸ਼ਰਧਾਲੂਆਂ ਵੱਲੋਂ ਲਾਸ਼ ਸੜਕ ਤੇ ਰੱਖ ਕੇ ਲਾਇਆ ਧਰਨਾ ਅੱਜ ਆਈਜੀ ਬਠਿੰਡਾ ਰੇਂਜ ਦੇ ਭਰੋਸਾ ਦਿਵਾਉਣ ਤੋਂ ਬਾਅਦ ਖਤਮ ਕਰ ਦਿੱਤਾ ਹੈ। ਆਈ ਜੀ ਜਸਕਰਨ ਸਿੰਘ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਅੱਜ ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚਲੇ ਡੇਰੇ ਸਲਾਬਤਪੁਰਾ ਪੁੱਜੇ ਅਤੇ ਪ੍ਰਬੰਧਕਾਂ ਨਾਲ ਲੰਮੀ ਗੱਲਬਾਤ ਕੀਤੀ। ਪੁਲਿਸ ਅਧਿਕਾਰੀਆਂ ਨੇ ਕਤਲ ਮਾਮਲੇ ’ਚ ਹੁਣ ਤੱਕ ਦੀ ਤਫਤੀਸ਼ ਅਤੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ ’ਚ ਕੀਤੀ ਹੱਤਿਆ ਸਮੇਤ ਕੁੱਝ ਹੋਰ ਤੱਥਾਂ ਤੋਂ ਵੀ ਜਾਣੂ ਕਰਵਾਇਆ।
ਪੁਲਿਸ ਅਫਸਰਾਂ ਵੱਲੋਂ ਪੇਸ਼ ਦਲੀਲਾਂ ਨਾਲ ਸਹਿਮਤ ਹੁੰਦਿਆਂ ਡੇਰਾ ਪ੍ਰਬੰਧਕਾਂ ਨੇ ਧਰਨਾ ਚੁੱਕਣ ਅਤੇ ਮਨੋਹਰ ਲਾਲ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕਰਨ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਹੈ। ਧਰਨੇ ਕਾਰਨ ਆਵਾਜਾਈ ਦੀ ਸਮੱਸਿਆ ਤਾਂ ਆ ਹੀ ਰਹੀ ਸੀ ਬਲਕਿ ਇਸ ਨਾਲ ਦਿਨੋ ਦਿਨ ਸਰਕਾਰ ਲਈ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਸਨ। ਖਾਸ ਤੌਰ ਤੇ ਮੰਗਲਵਾਰ ਨੂੰ ਫੇਰਾ ਪ੍ਰੇਮੀਆਂ ਦੀ ਹਮਾਇਤ ’ਚ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਆਉਣ ਤੋਂ ਪਿੱਛੋਂ ਤਾਂ ਪ੍ਰਸ਼ਾਸ਼ਨ ਤੇ ਦਬਾਅ ਵਧ ਗਿਆ ਸੀ। ਉੱਪਰੋਂ ਡੇਰਾ ਪ੍ਰਬੰਧਕਾਂ ਨੇ ਗੁਆਂਢੀ ਸੂਬਿਆਂ ਦੇ ਪ੍ਰੇਮੀਆਂ ਨੂੰ ਸੱਦਾ ਦੇਣ ਕਾਰਨ ਪੁਲਿਸ ਦੇ ਫਿਕਰ ਵਧੇ ਹੋਏ ਸਨ।
ਅੱਜ ਦੋਵਾਂ ਧਿਰਾਂ ’ਚ ਸਹਿਮਤੀ ਬਣਨ ਕਾਰਨ ਪੁਲਿਸ ਅਧਿਕਾਰੀਆਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਅਤੇ ਪ੍ਰਬੰਧਕਾਂ ਵਿਚਕਾਰ ਹੋਏ ਸਮਝੌਤੇ ਦਾ ਆਈਜੀ ਨੇ ਧਰਨੇ ਦੀ ਸਟੇਜ਼ ਤੋਂ ਐਲਾਨ ਕੀਤਾ। ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਆਈਜੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ’ਚ ਪੂਰੇ ਪ੍ਰੋਫੈਸ਼ਨਲ ਢੰਗ ਨਾਲ ਕਾਰਵਾਈ ਕਰ ਰਹੀ ਹੈ। ਉਹਨਾਂ ਦੱਸਿਆ ਕਿ ਜੁਰਮ ਨੂੰ ਹੱਲ ਕਰਨ ’ਚ ਸਮਾਂ ਲੱਗਦਾ ਹੈ ਫਿਰ ਵੀ ਪੁਲਿਸ ਟੀਮਾਂ ਪੂਰੀ ਤੇਜੀ ਨਾਲ ਦੋਸ਼ੀਆਂ ਨੂੰ ਕਾਬੂ ਕਰਨ ਦੇ ਯਤਨਾਂ ’ਚ ਲੱਗੀਆਂ ਹੋਈਆਂ ਹਨ। ਉਹਨਾਂ ਕਤਲ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦਾ ਭਰੋਸਾ ਵੀ ਦਿਵਾਇਆ ਅਤੇ ਧਰਨਾ ਖਤਮ ਕਰਨ ਦੀ ਅਪੀਲ ਵੀ ਕੀਤੀ।
ਪਤਾ ਲੱਗਆ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੇ ਮੰਗਲਵਾਰ ਤੋਂ ਹੀ ਧਰਨਾ ਚੁਕਵਾਉਣ ਲਈ ਮਸ਼ਕਾਂ ਤੇਜ ਕਰ ਦਿੱਤੀਆਂ ਸਨ। ਇਸੇ ਦੌਰਾਨ ਅੱਜ ਸਵੇਰ ਵਕਤ ਡੀਐਸਪੀ ਫੂਲ ਸਲਾਬਤਪੁਰਾ ਆਏ ਪ੍ਰਬੰਧਕਾਂ ਨੂੰ ਮਿਲਕੇ ਸਮਝੌਤੇ ਲਈ ਰਾਹ ਪੱਧਰਾ ਕੀਤਾ ਜਿਸ ਤੇ ਆਈਜੀ ਅਤੇ ਐਸਐਸਪੀ ਦੀ ਆਮਦ ਉਪਰੰਤ ਮੋਹਰ ਲਾ ਦਿੱਤੀ ਗਈ। ਦੋਵਾਂ ਪੁਲਿਸ ਅਧਿਕਾਰੀਆਂ ਨੇ ਡੇਰਾ ਪ੍ਰਬੰਧਕਾਂ ਨੂੰ ਵੀ ਇਸ ਮੌਕੇ ਢੁੱਕਵੀਂ ਕਾਰਵਾਈ ਕਰਨ ਦਾ ਵਿਸ਼ਵਾਸ਼ ਦਿਵਾਇਆ ਹੈ।ਪੁਲਿਸ ਪ੍ਰਸ਼ਾਸ਼ਨ ਨੇ ਅੱਜ ਧਰਨੇ ਵਾਲੀ ਥਾਂ ਦੇ ਨਜ਼ਦੀਕ ਅਤੇ ਡੇਰੇ ਨੂੰ ਜਾਣ ਵਾਲੇ ਰਸਤਿਆਂ ਤੇ ਸੁਰੱਖਿਆ ਸਖਤ ਕਰ ਦਿੱਤੀ। ਸ਼ਰਧਾਲੂਆਂ ਨੂੰ ਵੀ ਪੁੱਛ ਪੜਤਾਲ ਉਪਰੰਤ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ।
ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰਬੰਧਕ ਹਰਚਰਨ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਅੱਜ ਉਹਨਾਂ ਨੂੰ ਕੁੱਝ ਅਜਿਹੀਆਂ ਗੱਲਾਂ ਦੱਸੀਆਂ ਜਿਸ ਤੇ ਉਹਨਾਂ ਨੂੰ ਵਿਸ਼ਵਾਸ਼ ਹੋ ਗਿਆ। ਉਹਨਾਂ ਦੱਸਿਆ ਕਿ ਪੁਲਿਸ ਨੇ ਜਾਂਚ ਟੀਮਾਂ ਦੀ ਪ੍ਰਾਪਤੀ ਬਾਰੇ ਵੀ ਦੱਸਿਆ ਜਿਸ ਤੇ ਸੰਤੁਸ਼ਟੀ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਕੁਝ ਮਾਮਲਿਆਂ ਦੀ ਹੱਲ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਤੱਥਾਂ ਨੂੰ ਧਰਨਾ ਦੇ ਰਹੇ ਡੇਰਾ ਪ੍ਰੇਮੀਆਂ ਦੀ ਸਹਿਮਤੀ ਨਾਲ ਧਰਨਾ ਚੁੱਕ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਹੁਣ ਮਿ੍ਰਤਕ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਅੰਤਮ ਸਸਕਾਰ ਕੀਤਾ ਜਾਏਗਾ।
ਇਹ ਹੈ ਅਸਲ ਮਾਮਲਾ
ਦੱਸਣਯੋਗ ਹੈ ਕਿ 20 ਨਵੰਬਰ ਨੂੰ ਸ਼ਾਮ ਕਰੀਬ ਸਾਢੇ ਚਾਰ ਵਜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੁਕਾਨ ’ਚ ਦਾਖਲ ਹੋਕੇ ਅੰਨੇਵਾਹ ਗੋਲੀਆਂ ਚਲਾਕੇ ਮਨੋਹਰ ਲਾਲ ਦਾ ਕਤਲ ਕਰ ਦਿੱਤਾ ਸੀ। ਡੇਰਾ ਸ਼ਰਧਾਲੂ ਪੋਸਟਮਾਰਟਮ ਉਪਰੰਤ ਡੇਰਾ ਪ੍ਰੇਮੀਆਂ ਨੇ ਲਾਸ਼ ਨੂੰ ਸਲਾਬਤਪੁਰਾ ਡੇਰੇ ਅੱਗੇ ਰੱਖ ਕੇ ਧਰਨਾ ਲਾ ਦਿੱਤਾ ਜੋ ਅੱਜ ਤੱਕ ਜਾਰੀ ਰਿਹਾ। ਡੇਰਾ ਪ੍ਰੇਮੀਆਂ ਨੇ ਦੋਸ਼ ਲਾਇਆ ਸੀ ਕਿ ਜੇਕਰ ਪੁਲਿਸ ਮੁਸਤੈਦੀ ਦਿਖਾਉਂਦੀ ਤਾਂ ਕਾਤਲਾਂ ਨੂੰ ਫੜਿਆ ਜਾ ਸਕਦਾ ਸੀ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਾਤਲ ਗਿ੍ਰਫਤਾਰ ਨਹੀਂ ਕਰ ਲਈ ਜਾਂਦੇ ਧਰਨਾ ਜਾਰੀ ਰੱਖਿਆ ਜਾਏਗਾ। ਸੋਸ਼ਲ ਮੀਡੀਆ ਫੇਸਬੁੱਕ ਤੇ ਪੋਸਟ ਪਾਕੇ ਗੈਂਗਸਟਰ ਸੁੱਖਾ ਗਿੱਲ ਲੰਮੇ ਗਰੁੱਪ ਨੇ ਕਤਲ ਦੀ ਜਿੰਮੇਵਾਰੀ ਲਈ ਹੈ।
ਮਨੋਹਰ ਲਾਲ ਦਾ ਅੰਤਮ ਸਸਕਾਰ
ਓਧਰ ਅੱਜ ਧਰਨੇ ਦੀ ਸਮਾਪਤੀ ਤੋਂ ਬਾਅਦ ਮਨੋਹਰ ਲਾਲ ਦੀ ਮਿ੍ਰਤਕ ਦੇਹ ਨੂੰ ਭਗਤਾ ਭਾਈ ਲਿਆਂਦਾ ਗਿਆ ਜਿੱਥੇ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਅੰਤਮ ਸਸਕਾਰ ਕਰ ਦਿੱਤਾ ਗਿਆ। ਮਨੋਹਰ ਲਾਲ ਦੀ ਚਿਤਾ ਨੂੰ ਅਠਗਨੀ ਉਹਨਾਂ ਦੇ ਪੁੱਤਰ ਜਤਿੰਦਰਬੀਰ ਅਰੋੜਾ ਨੇ ਦਿਖਾਈ। ਇਸ ਮੌਕੇ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਅਤੇ ਡੇਰਾ ਪ੍ਰੇਮੀਆਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਰਸਾ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ, 45 ਮੈਂਬਰ ਪੰਜਾਬ ਹਰਚਰਨ ਸਿੰਘ ਅਤੇ ਜਤਿੰਦਰ ਮਹਾਸ਼ਾ ਆਦਿ ਹਾਜਰ ਸਨ।