- ਔਜਲਾ ਦੇ ਯਤਨਾਂ ਨੂੰ ਪਿਆ ਬੂਰ, ਓਮਾਨ ਦੀ ਅੰਬੈਸੀ ਵੱਲੋਂ ਆਇਆ ਜਵਾਬ
ਅੰਮ੍ਰਿਤਸਰ, 25 ਨਵੰਬਰ 2020 - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਓਮਾਨ ਵਿਚ 24 ਬੇਸਹਾਰਾ ਲੜਕੀਆਂ ਦੀ ਵਤਨ ਵਾਪਸੀ ਦੇ ਉਠਾਏ ਮੁੱਦੇ ਤੋਂ ਬਾਅਦ ਓਮਾਨ ਵਿਚ ਭਾਰਤੀ ਅੰਬੈਸੀ ਦੇ ਕਮਿਊਨਿਟੀ ਵੈਲਫੇਅਰ ਅਫਸਰ ਨੇ ਕਿਹਾ ਕਿ ਮਾਰਚ ਵਿਚ 100 ਦੇ ਲਗਭਗ ਲੜਕੀਆਂ ਓਮਾਨ ਵਿੱਚ ਸਨ ਜਿਨ੍ਹਾਂ ਵਿਚੋਂ ਹੁਣ 24 ਲੜਕੀਆਂ ਬਚੀਆਂ ਹਨ , 12 ਲੜਕੀਆਂ ਦਾ ਕੇਸ ਐਮਨੈਸਟੀ ਇੰਟਰਨੈਸ਼ਨਲ ਵਿਚਾਰ ਅਧੀਨ ਹੈ।
ਔਜਲਾ ਨੂੰ ਦਿੱਤੀ ਜਾਣਕਾਰੀ ਵਿਚ ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਖਾਣ ਪੀਣ ਤੋਂ ਇਲਾਵਾ ਇਨ੍ਹਾਂ ਦੀਆਂ ਮੈਡੀਕਲ ਸਹੂਲਤਾਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਔਜਲਾ ਵੱਲੋਂ ਇਸ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਚੁੱਕਣ ਅਤੇ ਵਿਦੇਸ਼ ਮੰਤਰਾਲੇ ਦੇ ਬਾਹਰ ਧਰਨਾ ਦੇਣ ਦੀ ਗੱਲ ਤੋਂ ਬਾਅਦ ਓਮਾਨ ਦੀ ਭਾਰਤੀ ਅੰਬੈਸੀ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਬੰਧ ਵਿਚ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਭਾਰਤ ਲਿਆਉਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਓਮਾਨ ਵਿਚ ਰੋਜ਼ੀ-ਰੋਟੀ ਦੀ ਖਾਤਰ ਘਰਾਂ ਵਿੱਚ ਕੰਮ ਕਰਨ ਲਈ ਗਈਆਂ ਲੜਕੀਆਂ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ । ਇਹ ਲੜਕੀਆਂ ਆਪਣੇ ਵਤਨ ਵਾਪਸੀ ਲਈ ਹਾੜੇ ਕੱਢ ਰਹੀਆਂ ਸਨ। ਓਮਾਨ ਅੰਬੈਸੀ ਵੱਲੋਂ ਢਿੱਲੀ ਕਾਰਵਾਈ ਦੇ ਚਲਦਿਆ ਇਨ੍ਹਾਂ ਲੜਕੀਆਂ ਨੂੰ ਇਨਸਾਫ ਦੁਆਉਣ ਲਈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਔਜਲਾ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਬੀਤੇ ਦਿਨੀਂ ਇੱਕ ਪੱਤਰ ਲਿਖਿਆ ਸੀ।
ਔਜਲਾ ਨੇ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਅੰਬੈਸੀ ਨੂੰ ਦੁਬਾਰਾ ਕਿ ਹਾ ਗਿਆ ਕਿ ਉਹਨਾਂ ਨੂੰ ਇਸ ਮਸਲੇ ਦੇ ਬਾਰੇ ਦੂਜੇ ਜਾਂ ਤੀਜੇ ਦਿਨ ਪੂਰੀ ਜਾਣਕਾਰੀ ਮੁਹਈਆ ਕਰਵਾਈ ਜਾਵੇ। ਸਬੰਧਤ ਪਰਿਵਾਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ ਕਿ ਲੜਕੀਆਂ ਦੀ ਵਤਨ ਵਾਪਸੀ ਲਈ ਕੀ ਜਤਨ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਹੈ ਜੇਕਰ ਉਨ੍ਹਾਂ ਦੀ ਮੰਗ ਵਲ ਕੇਂਦਰ ਸਰਕਾਰ ਵੱਲੋਂ ਗੌਰ ਨਾ ਕੀਤਾ ਗਿਆ ਤਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਦਫਤਰ ਦੇ ਬਾਹਰ ਧਰਨਾ ਦੇਣ ਦਾ ਉਨ੍ਹਾਂ ਦਾ ਫੈਸਲਾ ਅਟੱਲ ਹੈ। ਉਨ੍ਹਾਂ ਕਿਹਾ ਕਿ ਉਹ ਲੜਕੀਆਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਦੀ ਵਾਪਸੀ ਲਈ ਹਰ ਸੰਭਵ ਯਤਨ ਕਰਨਗੇ।