- ਜਲੰਧਰ ਵਿਚ 11.42 ਲੱਖ ਮੀਟ੍ਰਿਕ ਟਨ ਝੋਨੇ ਦੀ ਰਿਕਾਰਡ ਖਰੀਦ ਹੋਈ
ਜਲੰਧਰ, 25 ਨਵੰਬਰ 2020 - ਮੰਗਲਵਾਰ ਨੂੰ ਜਲੰਧਰ ਵਿਚ ਮਾਲ ਰੇਲ ਗੱਡੀਆਂ ਮੁੜ ਚਾਲੂ ਹੋਣ ਨਾਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ 25 ਲੱਖ ਨਵੇਂ ਬਾਰਦਾਨੇ ਦੀ ਸਪਲਾਈ ਪ੍ਰਾਪਤ ਕਰਨ ਲਈ ਤਿਆਰ ਹੈ, ਜੋ ਕਿ ਰੇਲ ਗੱਡੀਆਂ ਦੇ ਰੁਕਣ ਕਾਰਨ ਪੱਛਮੀ ਬੰਗਾਲ ਵਿਚ ਫਸ ਗਿਆ ਸੀ ।
ਜਲੰਧਰ ਜ਼ਿਲ੍ਹੇ ਨੇ ਝੋਨੇ ਦੇ ਇਸ ਸੀਜ਼ਨ ਵਿਚ ਅਨਾਜ ਮੰਡੀਆਂ ਵਿਚੋਂ ਰਿਕਾਰਡ 11.42 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਅਤੇ ਪਿਛਲੇ ਸਾਲ ਇਹ ਅੰਕੜਾ ਲਗਭਗ 10 ਲੱਖ ਮੀਟ੍ਰਿਕ ਟਨ ਸੀ। ਜ਼ਿਲ੍ਹੇ ਨੂੰ ਤਕਰੀਬਨ 5000 ਗੰਢਾਂ ਨਵੇਂ ਬਾਰਦਾਨੇ (ਇੱਕ ਗੰਢ ਵਿੱਚ 500 ਬਾਰਦਾਨਾ) ਦੀ ਜ਼ਰੂਰਤ ਸੀ ਅਤੇ ਖਰੀਦੇ ਗਏ ਝੋਨੇ ਦੀ ਮਿਲਿੰਗ ਨੂੰ ਲੈ ਕੇ ਅਧਿਕਾਰੀ ਅਤੇ ਰਾਈਸ ਮਿੱਲਰ ਬੇਹੱਦ ਚਿੰਤਤ ਸਨ।
ਹਾਲਾਂਕਿ, ਜਲੰਧਰ ਦੀਆਂ ਮੰਡੀਆਂ ਵਿੱਚੋਂ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਝੋਨੇ ਦੀ ਲਗਭਗ ਪੂਰੀ ਫ਼ਸਲ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਪਿਛਲੇ ਸੀਜ਼ਨ ਦੇ ਬਾਰਦਾਨੇ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਕੇ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਲਿਆ।
ਇਕ ਬੁਲਾਰੇ ਨੇ ਦੱਸਿਆ ਕਿ ਝੋਨੇ ਦੀ ਮਿਲਿੰਗ ਤੋਂ ਬਾਅਦ 25 ਲੱਖ ਨਵਾਂ ਬਾਰਦਾਨਾ ਚੌਲਾਂ ਨੂੰ ਪੈਕ ਕਰਨ ਲਈ ਵਰਤਿਆ ਜਾਵੇਗਾ, ਜੋ ਕਿ ਦੂਜੇ ਰਾਜਾਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੌਲਾਂ ਨੂੰ ਪੈਕ ਕਰਨ ਲਈ ਸਿਰਫ ਨਵੇਂ ਬੈਗ ਹੀ ਵਰਤੇ ਜਾ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮਾਲ ਗੱਡੀਆਂ ਚੱਲਣ ਨਾਲ ਇਕ ਦਿਨ ਵਿਚ ਸਿਰਫ ਬਾਰਦਾਨਾ ਹੀ ਜਲੰਧਰ ਨਹੀਂ ਪਹੁੰਚੇਗਾ ਸਗੋਂ ਸਪੈਸ਼ਲਾਂ ਵੀ ਲਗਾਈਆਂ ਜਾਣਗੀਆਂ, ਜਿਸ ਨਾਲ ਜਗ੍ਹਾ ਦੀ ਕਮੀ ਦੀ ਸਮੱਸਿਆ ਹੱਲ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਖਰੀਦ ਕੀਤੇ ਗਏ ਝੋਨੇ ਦਾ ਵੱਡਾ ਹਿੱਸਾ ਹੁਣ ਮਿਲਿੰਗ ਤੋਂ ਬਾਅਦ ਸਪੈਸ਼ਲਾਂ ਰਾਹੀਂ ਦੂਜੇ ਰਾਜ ਵਿੱਚ ਭੇਜਿਆ ਜਾਵੇਗਾ।
ਓਧਰ, ਇਲਾਕੇ ਦੇ ਮਿੱਲ ਮਾਲਕਾਂ ਨੇ ਰਾਜ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਾਲ ਗੱਡੀਆਂ ਨੂੰ ਬਹਾਲ ਕਰਵਾਉਣ ਲਈ ਧੰਨਵਾਦ ਪ੍ਰਗਟ ਕੀਤਾ ਕਿਉਂਕਿ ਹੁਣ ਮਾਲ ਗੱਡੀਆਂ ਚੱਲਣ ਨਾਲ ਇਕ ਦਿਨ ਵਿੱਚ ਨਵਾਂ ਬਾਰਦਾਨਾ ਉਪਲਬਧ ਹੋ ਜਾਵੇਗਾ।