← ਪਿਛੇ ਪਰਤੋ
ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ 2020: ਫਰਿਜ਼ਨੋ ਵਿੱਚ ਨਾਬਾਲਗ ਬੱਚਿਆਂ ਦੇ ਦੋ ਸਮੂਹਾਂ ਵਿਚਕਾਰ ਗੋਲੀ ਚੱਲਣ ਨਾਲ ਇੱਕ ਬਾਰਾਂ ਸਾਲਾਂ ਬੱਚਾ ਜਖਮੀ ਹੋਇਆ ਹੈ। ਅਧਿਕਾਰੀਆਂ ਅਨੁਸਾਰ ਫਰਿਜ਼ਨੋ ਪੁਲਿਸ ਮੰਗਲਵਾਰ ਸ਼ਾਮ ਨੂੰ ਹੋਈ ਇੱਕ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਹਾਈਵੇਅ 99 ਦੇ ਪੱਛਮ ਵਿੱਚ ਇੱਕ ਲੜਾਈ ਦੌਰਾਨ ਇੱਕ 12 ਸਾਲਾ ਲੜਕਾ ਜ਼ਖਮੀ ਹੋਇਆ ਸੀ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਜੋਰਨ ਬੇਕਫੋਰਡ ਦੇ ਅਨੁਸਾਰ ਅਧਿਕਾਰੀ ਸੂਚਨਾ ਮਿਲਣ 'ਤੇ ਸਵੇਰੇ ਲਗਭਗ 6:15 ਵਜੇ ਨੌਰਥ ਮਾਰਕਸ ਅਤੇ ਵੈਸਟ ਮੈਕਕਿਨਲੇ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਪਹੁੰਚੇ ਜਿੱਥੇ ਇਸ ਲੜਕੇ ਨੂੰ ਗੋਲੀ ਲੱਗਣ ਨਾਲ ਜਖਮੀ ਪਾਇਆ ਗਿਆ। ਪੀੜਿਤ ਬੱਚੇ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਗਈ ਹੈ।ਬੇਕਫੋਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਬਾਲਿਗਾਂ ਦੇ ਦੋ ਸਮੂਹਾਂ ਵਿੱਚ ਕਿਸੇ ਗੱਲੋਂ ਹੋਈ ਲੜਾਈ ਦੌਰਾਨ ਗੋਲੀ ਚਲਾਉਣ ਨਾਲ ਇਹ ਹਾਦਸਾ ਵਾਪਰਿਆ ਹੈ।ਨਾਬਾਲਗ ਬੱਚਿਆਂ ਕੋਲ ਬੰਦੂਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਅਧਿਕਾਰੀ ਇਸਦੀ ਜਾਂਚ ਦੌਰਾਨ ਗਵਾਹਾਂ ਦੀ ਇੰਟਰਵਿਊ ਦੇ ਨਾਲ ਕੈਮਰਾ ਫੁਟੇਜ ਦੀ ਵੀ ਭਾਲ ਕਰ ਰਹੇ ਹਨ।
Total Responses : 266