ਹਰਦਮ ਮਾਨ
ਸਰੀ, 25 ਨਵੰਬਰ 2020: ਪੀਜ਼ਾ ਡਲਿਵਰ ਕਰਨ ਆਈ ਇਕ 17 ਸਾਲਾ ਲੜਕੀ ਦੀ ਬਾਂਹ ਫੜ ਕੇ ਆਪਣੇ ਕਮਰੇ ਵਿਚ ਲਿਜਾਣ ਦਾ ਯਤਨ ਕਰਨ ਵਾਲੇ ਇਕ ਅੰਤਰ-ਰਾਸ਼ਟਰੀ ਵਿਦਿਆਰਥੀ ਨੂੰ ਅਦਾਲਤ ਵੱਲੋਂ ਦੋ ਸਾਲ ਦੇ ਪ੍ਰੋਬੇਸ਼ਨ ਪੀਰੀਅਡ ਉਪਰ ਛੱਡ ਦਿੱਤਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਜੇਕਰ ਉਸ ਨੇ ਕੋਈ ਕੋਝੀ ਹਰਕਤ ਨਾ ਕੀਤੀ ਤਾਂ ਉਹ ਇੰਡੀਆ ਡਿਪੋਰਟ ਹੋਣ ਤੋਂ ਬਚ ਜਾਵੇਗਾ। ਇਕ ਹੋਰ ਘਟਨਾ ਦੌਰਾਨ ਇਸ ਵਿਦਿਆਰਥੀ ਨੇ ਬੱਸ ਵਿਚ ਇਕ 15 ਸਾਲਾ ਕੁੜੀ ਨਾਲ ਵੀ ਛੇੜਖਾਨੀ ਕੀਤੀ ਸੀ।
ਇਹ ਘਟਨਾ 29 ਅਪ੍ਰੈਲ 2019 ਨੂੰ ਹੋਈ ਦੱਸੀ ਗਈ ਹੈ। ਇਸ ਨੌਜਵਾਨ ਨੇ ਪੀਜ਼ਾ ਆਰਡਰ ਕੀਤਾ ਅਤੇ ਜਦੋਂ ਪੀਜ਼ਾ ਡਲਿਵਰ ਕਰਨ ਆਈ ਲੜਕੀ ਉਸ ਦੇ ਅਪਾਰਟਮੈਂਟ ਦੇ ਬਾਹਰ ਪੁੱਜੀ ਤਾਂ ਨੌਜਵਾਨ ਨੇ ਉਸ ਨੂੰ ਅੰਦਰ ਬੁਲਾਉਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਇਨਕਾਰ ਕੀਤਾ ਤਾਂ ਵੀਜ਼ਾ ਕਾਰਡ ਨਾ ਚੱਲਣ ਦੇ ਬਹਾਨੇ ਉਸ ਦੀ ਬਾਂਹ ਫੜ ਕੇ ਉਸ ਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ। ਲੜਕੀ ਆਪਣੀ ਬਾਂਹ ਛੁਡਾਉਣ ਵਿਚ ਕਾਮਯਾਬ ਹੋ ਗਈ ਤੇ ਭੱਜ ਕੇ ਆਪਣੀ ਕਾਰ ਕੋਲ ਪਹੁੰਚ ਗਈ।
ਪੁਲਿਸ ਕੋਲ ਸ਼ਿਕਾਇਤ ਪੁੱਜੀ ਪਰ ਇਕ ਸੰਸਥਾ ਦੇ ਅਹੁਦੇਦਾਰਾਂ ਵੱਲੋ ਹਾਮੀ ਭਰਨ ਉਪਰੰਤ ਇਸ ਨੌਜਵਾਨ ਨੂੰ ਛੱਡ ਦਿੱਤਾ ਗਿਆ। ਅਦਾਲਤ ਵਿਚ ਸੁਣਵਾਈ ਦੌਰਾਨ ਇਸ ਨੌਜਵਾਨ ਦਾ ਨਾਮ ਜੇ ਐਸ ਦੱਸਿਆ ਗਿਆ ਹੈ। ਉਸ ਵਿਰੁੱਧ ਕੋਈ ਅਪਰਾਧਿਕ ਮਾਮਲਾ ਨਾ ਹੋਣ ਕਾਰਨ ਉਹ ਇੰਡੀਆ ਡਿਪੋਰਟ ਹੋਣ ਤੋਂ ਬਚ ਗਿਆ ਹੈ। ਇਸ ਨੌਜਵਾਨ ਨੂੰ ਦੋਵਾਂ ਕੁੜੀਆਂ ਨਾਲ ਕੋਈ ਵੀ ਸੰਪਰਕ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com