ਮਨਿੰਦਰਜੀਤ ਸਿੱਧੂ
- ਸੜਕ ਦੇ ਬਣਨ ਨਾਲ ਵਿਵੇਕ ਆਸ਼ਰਮ ਅਤੇ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ-ਸੰਤ ਰਿਸ਼ੀ ਰਾਮ
ਜੈਤੋ, 26 ਨਵੰਬਰ 2020 - ਜੈਤੋ ਦੀਆਂ ਬਾਕੀ ਸੜਕਾਂ ਵਾਂਗ ਜੈਤੋ ਤੋਂ ਚੈਨਾ ਰੋਡ ਦਾ ਰੇਲਵੇ ਫਾਟਕ ਤੋਂ ਵਿਵੇਕ ਆਸ਼ਰਮ ਤੱਕ ਦਾ ਟੋਟਾ ਬਹੁਤ ਖਸਤਾ ਹਾਲਤ ਵਿੱਚ ਸੀ। ਜੈਤੋ ਤੋਂ ਚੈਨਾ, ਕਰੀਰਵਾਲੀ ਜਾਣ ਵਾਲੇ ਲੋਕ, ਵਿਵੇਕ ਆਸ਼ਰਮ ਵਿੱਚ ਜਾਣ ਵਾਲੇ ਸ਼ਰਧਾਲੂ, ਵਿਵੇਕ ਆਸ਼ਰਮ ਵਿਖੇ ਸਥਿਤ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਵਿਖੇ ਜਾਣ ਵਾਲੇ ਮਰੀਜ਼, ਹਰਦਿਆਲ ਨਗਰ ਅਤੇ ਕੋਠੇ ਲਾਲ ਸਿੰਘ ਪ੍ਰੇਮੀ ਵਾਲੇ ਵਿੱਚ ਰਹਿਣ ਵਾਲੇ ਲੋਕਾਂ ਦਾ ਪਿਛਲੇ ਲੰਮੇ ਸਮੇਂ ਤੋਂ ਇਸ ਅਤਿ ਖਸਤਾ ਹਾਲਤ ਸੜਕ ਕਾਰਨ ਜਿਉਣਾ ਦੁੱਭਰ ਹੋਇਆ ਪਿਆ ਸੀ।
ਇਲਾਕੇ ਦੇ ਲੋਕਾਂ ਅਤੇ ਬਾਹਰੋਂ ਆਉਣ ਜਾਣ ਵਾਲੇ ਲੋਕਾਂ ਨੇ ਉਦੋਂ ਸੁਖ ਦਾ ਸਾਹ ਲਿਆ ਜਦੋਂ ਜੈਤੋ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਦੇ ਜਵਾਈ ਸੂਰਜ ਭਾਰਦਵਾਜ ਨੇ ਚੈਨਾ ਰੋਡ ਉੱਪਰ ਸਥਿਤ ਵਿਵੇਕ ਆਸ਼ਰਮ ਕੋਲੋਂ ਇਸ ਸੜਕ ਉੱਪਰ ਪ੍ਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ।ਸੜਕ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਸੂਰਜ ਭਾਰਦਵਾਜ ਨੇ ਕਿਹਾ ਕਿ ਜਨਾਬ ਮੁਹੰਮਦ ਸਦੀਕ ਜੀ ਜੈਤੋ ਹਲਕੇ ਦੀਆਂ ਸਮੱਸਿਆਵਾਂ ਨੂੰ ਬਹੁਤ ਸੰਜੀਦਗੀ ਨਾਲ ਲੈ ਰਹੇ ਹਨ। ਜੈਤੋ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਕੋਰੋਨਾ ਮਹਾਂਮਾਰੀ ਕਾਰਨ ਥੋੜ੍ਹੀ ਮੱਠੀ ਪੈ ਗਈ ਸੀ ਪਰ ਹੁਣ ਫਿਰ ਵਿਕਾਸ ਕਾਰਜ ਤੇਜੀ ਨਾਲ ਨੇਪਰੇ ਚੜ੍ਹਾਏ ਜਾਣਗੇ।ਉਹਨਾਂ ਕਿਹਾ ਕਿ ਜੈਤੋ ਦੇ ਸੀਵਰੇਜ ਅਤੇ ਬਾਕੀ ਰਹਿੰਦੀਆਂ ਸੜਕਾਂ ਨੂੰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਜਲਦ ਹੀ ਮੁਕੰਮਲ ਵੀ ਕਰ ਦਿੱਤੇ ਜਾਣਗੇ।
ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਬਰਾਂਚ ਜੈਤੋ ਦੇ ਇੰਚਾਰਜ ਸੰਤ ਰਿਸ਼ੀ ਰਾਮ ਨੇ ਕਿਹਾ ਕਿ ਸੜਕ ਦੇ ਇਸ ਟੋਟੇ ਦੇ ਬਣਨ ਇਲਾਕੇ ਦੇ ਲੋਕਾਂ, ਆਸ਼ਰਮ ਵਿੱਚ ਆਉਣ ਵਾਲੀਆਂ ਸੰਗਤਾਂ ਅਤੇ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਵਾਰਿਸਾਂ ਦੀਆਂ ਮੁਸ਼ਕਿਲਾਂ ਘਟਣਗੀਆਂ।ਉਹਨਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਸਮੁੱਚੇ ਪੰਜਾਬ ਤੋਂ ਇਲਾਵੇ ਹਰਿਆਣਾ ਅਤੇ ਰਾਜਥਾਨ ਵਿੱਚੋਂ ਵੀ ਲੋੜਵੰਦ ਮਰੀਜ਼ ਆਪਣੀਆਂ ਅੱਖਾਂ ਦੇ ਇਲਾਜ ਲਈ ਆਉਂਦੇ ਹਨ। ਸੜਕ ਦੇ ਅਤਿ ਖਸਤਾ ਹਾਲਤ ਵਿੱਚ ਹੋਣ ਕਰਕੇ ਉਹਨਾਂ ਨੂੰ ਬਹੁਤ ਹੀ ਜਿਆਦਾ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਹਨਾਂ ਸੂਰਜ ਭਾਰਦਵਾਜ ਅਤੇ ਮੁਹੰਮਦ ਸਦੀਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਸੜਕ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਵਾਇਆ ਹੈ ਉਸੇ ਤਰ੍ਹਾਂ ਜੈਤੋ ਸ਼ਹਿਰ ਦੀਆਂ ਬਾਕੀ ਸਮੱਸਿਆਵਾਂ ਨੂੰ ਵੀ ਜਲਦ ਹੱਲ ਕਰਵਾਇਆ ਜਾਵੇ।ਸੜਕ ਦੇ ਉਦਘਾਟਨੀ ਸਮਾਰੋਹ ਸਮੇਂ ਸੂਰਜ ਭਾਰਦਵਾਜ ਦੇ ਨਾਲ ਪ੍ਰਦੀਪ ਗਰਗ ਮਲੋਟ ਵਾਲੇ, ਸੁਖਪਾਲ ਸਿੰਘ ਪਾਲੀ ਕੋਠੇ ਕੇਹਰ ਸਿੰਘ ਵਾਲੇ, ਐਡਵੋਕੇਟ ਮਦਨ ਲਾਲ, ਸੱਤਪਾਲ ਡੋਡ, ਬਹਾਦਰ ਸਿੰਘ ਚੈਨਾ, ਕਾਮਰੇਡ ਰਣਬੀਰ ਚੰਦ ਪੰਵਾਰ ਸ਼ਾਮਲ ਸਨ।