ਰਜਨੀਸ਼ ਸਰੀਨ
ਨਵਾਂਸ਼ਹਿਰ 26 ਨਵੰਬਰ 2020 - ਅੱਜ ਟਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ )ਵਲੋਂ ਮੁਕੰਮਲ ਹੜਤਾਲ ਕਰਕੇ ਸਥਾਨਕ ਚੰਡੀਗੜ੍ਹ ਚੌਂਕ ਵਿਚ ਜਾਮ ਲਾਇਆ ਗਿਆ ।ਇਸ ਹੜਤਾਲ ਅਤੇ ਜਾਮ ਵਿਚ ਜਿਲੇ ਦੇ ਭੱਠਾ ਮਜਦੂਰਾਂ, ਰੇਹੜੀ ਵਰਕਰਾਂ, ਆਟੋ ਵਰਕਰਾਂ, ਪ੍ਰਵਾਸੀ ਮਜਦੂਰਾਂ, ਉਸਾਰੀ ਮਿਸਤਰੀ ਮਜਦੂਰਾਂ,ਪੇਂਡੂ ਮਜਦੂਰਾਂ, ਆਸ਼ਾ ਵਰਕਰਾਂ, ਮੁਲਾਜ਼ਮਾਂ ਨੇ ਭਾਗ ਲਿਆ ।ਇਸਤੋਂ ਪਹਿਲਾਂ ਜੋਸ਼ੀਲੇ ਨਾਹਰਿਆਂ ਦੀ ਗੂੰਜ ਨਾਲ ਦੁਸਹਿਰਾ ਗਰਾਉਂਡ ਵਿਖੇ ਸ਼ੁਰੂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ,ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ,ਭੱਠਾ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਰੱਕੜ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਮਜਦੂਰ ਜਮਾਤ ਉੱਤੇ ਚੌਤਰਫਾ ਹਮਲੇ ਕਰ ਰਹੀ ਹੈ ਜਿਸ ਕਾਰਨ ਮਜਦੂਰਾਂ ਦਾ ਸਰਕਾਰ ਵਿਰੁੱਧ ਗੁੱਸਾ ਸੱਤਵੇਂ ਅਸਮਾਨ ਉੱਤੇ ਹੈ।
ਮੋਦੀ ਸਰਕਾਰ ਨੇ ਮਜਦੂਰ ਜਮਾਤ ਵਲੋਂ ਸਦੀਆਂ ਲੰਮੇ ਖੂਨ ਬੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਮਜਦੂਰ ਪੱਖੀ ਕਾਨੂੰਨਾਂ ਦਾ ਭੋਗ ਪਾ ਦਿੱਤਾ ਹੈ।ਸਰਕਾਰ ਨੇ ਪੂੰਜੀਪਤੀਆਂ ਦੇ ਪੱਖ ਵਿਚ ਅਤੇ ਮਜਦੂਰਾਂ ਦੇ ਵਿਰੋਧ ਵਿਚ ਕੋਡ ਬਣਾਕੇ ਲਾਗੂ ਕਰ ਦਿੱਤੇ ਹਨ ਜਿਸ ਨਾਲ ਮੋਦੀ ਸਰਕਾਰ ਦਾ ਮਜਦੂਰ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਪੜਦ ਹੋ ਗਿਆ ਹੈ। ਇਹ ਚਾਰ ਕੋਡ ਮਜਦੂਰਾਂ ਦੇ ਸੰਵਿਧਾਨਕ ਅਤੇ ਬੁਨਿਆਦੀ ਹੱਕਾਂ ਉੱਤੇ ਘਾਤਕ ਹਮਲਾ ਹੈ। ਇਹ ਕੋਡ ਮਜਦੂਰਾਂ ਦੇ ਯੂਨੀਅਨ ਬਣਾਉਣ,ਹੜਤਾਲ ਕਰਨ, ਸੰਘਰਸ਼ ਕਰਨ ਦੇ ਹੱਕਾਂ ਉੱਤੇ ਵੱਡਾ ਹਮਲਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰਾਂ ਵਲੋਂ 30ਸਾਲ ਪਹਿਲਾਂ ਲਿਆਂਦੀਆਂ ਨਵੀਆਂ ਆਰਥਿਕ ਨੀਤੀਆਂ ਰਾਹੀਂ ਜਨਤਕ ਅਦਾਰਿਆਂ ਨੂੰ ਦੇਸੀ ਵਿਦੇਸ਼ੀ ਆਪਣੇ ਚਹੇਤੇ ਕਾਰਪੋਰੇਟਰਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀਆਂ ਹਨ ।ਰੇਲਵੇ,ਬੈਂਕ, ਏਅਰ ਇੰਡੀਆ, ਕੋਲੇ ਦੀਆਂ ਖਾਣਾ, ਸਿਹਤ ਅਦਾਰੇ, ਵਿਦਅਕ ਅਦਾਰੇ ,ਬਿਜਲੀ ਬੋਰਡ ਅਤੇ ਹੋਰ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਨੂੰ ਬੜੀ ਤੇਜੀ ਨਾਲ ਵੇਚਿਆ ਜਾ ਰਿਹਾ ਹੈ। ਕਾਲੇ ਕਾਨੂੰਨਾਂ ਰਾਹੀਂ ਮਜਦੂਰ ਸੰਘਰਸ਼ਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ ।ਮਜਦੂਰ ਜਥੇਬੰਦੀਆਂ ਨੂੰ ਆਗੂ ਰਹਿਤ ਕਰਨ ਦੇ ਯਤਨ ਤੇਜ ਹੋ ਗਏ ਹਨ।
ਮੁਲਾਜ਼ਮਾਂ ਦੀ ਨਵੀਂ ਪੱਕੀ ਭਰਤੀ ਦੀ ਥਾਂ ਠੇਕੇ ਤੇ ਭਰਤੀ ਕੀਤੀ ਜਾ ਰਹੀ ਹੈ। ਬਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਵੀਂ ਵਿਦਿਅਕ ਨੀਤੀ ਰਾਹੀਂ ਵਿਦਿਆਰਥੀਆਂ ਅੰਦਰ ਗੈਰਵਿਗਿਆਨਕ,ਜਾਤ-ਪਾਤ,ਪਿਛਾਖੜੀ ਸਮਝ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।ਉਹਨਾਂ ਮਜਦੂਰਾਂ ਨੂੰ ਆਪਣੇ ਸੰਘਰਸ਼ ਤਿੱਖੇ ਕਰਨ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਪ੍ਰਵੀਨ ਕੁਮਾਰ ਨਿਰਾਲਾ, ਆਸ਼ਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਸ਼ਕੁੰਤਲਾ ਦੇਵੀ, ਪੇਂਡੂ ਮਜਦੂਰ ਯੂਨੀਅਨ ਆਗੂ ਕਮਲਜੀਤ ਸਨਾਵਾ, ਹਰੇ ਲਾਲ, ਹਰੀ ਰਾਮ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈਸ ਸਕੱਤਰ ਬੂਟਾ ਸਿੰਘ, ਡੀ.ਈ.ਐਫ ਦੇ ਆਗੂ ਮਾਸਟਰ ਭੁਪਿੰਦਰ ਵੜੈਚ,ਆਟੋ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਕਲੇਰ, ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਵੀ ਸੰਬੋਧਨ ਕੀਤਾ।