- ਕਿਹਾ, ਲੋਕਾਂ ਦੀ ਮੰਗ ਅਨੁਸਾਰ ਵਾਰਡਾਂ ’ਚ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ
ਹੁਸ਼ਿਆਰਪੁਰ, 26 ਨਵਬੰਰ 2020 - ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਉਹ ਵਾਰਡ ਨੰਬਰ 32 ਦੇ ਮੁਹੱਲਾ ਪ੍ਰੇਮਗੜ੍ਹ ਵਿੱਚ ਆਰ.ਐਮ.ਸੀ ਨਾਲ ਬਣਨ ਵਾਲੀਆਂ ਗਲੀਆਂ ਦੇ ਨਿਰਮਾਣ ਕੰਮਾਂ ਦੀ ਸ਼ੁਰੂਆਤ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਲੀਆਂ ਦੇ ਨਿਰਮਾਣ ’ਤੇ 6 ਲੱਖ 62 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਤੱਕ ਹਰ ਬੁਨਿਆਦੀ ਸੁਵਿਧਾਵਾਂ ਨੂੰ ਪਹੁਚਾਇਆ ਜਾ ਰਿਹਾ ਹੈ। ਲੋਕਾਂ ਤੱਕ ਪਾਣੀ ਅਤੇ ਸੀਵਰੇਜ ਦੀ ਸੁਵਿਧਾ ਪਹੁੰਚਾਉਣ ਲਈ ਵਾਟਰ ਸਪਲਾਈ ਅਤੇ ਸੀਵਰੇਜ ਪਾਈਪ ਪਾਉਣ ਦੇ ਕਾਰਜ 100 ਫੀਸਦੀ ਮੁਕੰਮਲ ਕਰ ਲਏ ਗਏ ਹਨ। ਇਸ ਤੋਂ ਇਲਾਵਾ ਵਾਰਡ ਦੀ ਮੰਗ ਅਨੁਸਾਰ ਗਲੀਆਂ ਦਾ ਨਿਰਮਾਣ ਕਾਰਜ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਮੰਗ ਨੂੰ ਗੰਭੀਰਤਾ ਨਾਲ ਲੈ ਕੇ ਪਹਿਲ ਦੇ ਆਧਾਰ ’ਤੇ ਕੰਮ ਕਰਵਾਏ ਜਾ ਰਹੇ ਹਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਈਆਂ ਮੁਸ਼ਕਿਲ ਸਥਿਤੀਆਂ ਦੇ ਬਾਵਜੂਦ ਵੀ ਵਿਕਾਸ ਦੇ ਕੰਮਾਂ ਵਿੱਚ ਕੋਈ ਕਮੀ ਨਹੀਂ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪਾਰਕਾਂ ਅਤੇ ਮੁਖ ਥਾਵਾਂ ’ਤੇ ਲੋਕਾਂ ਲਈ ਆਊਟਡੋਰ ਜਿੰਮ ਲਗਾਏ ਗਏ ਹਨ। ਇਸ ਤੋਂ ਇਲਾਵਾ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਾਰੀਆਂ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਪਹਿਲਾਂ ਹੀ ਲਗਾ ਦਿੱਤੇ ਗਏ ਹਨ। ਇਸ ਮੌਕੇ ਦੀਪਕ ਸ਼ਾਰਦਾ, ਮਿਨਾਕਸ਼ੀ ਸ਼ਾਰਦਾ, ਮਨਪ੍ਰੀਤ ਸਿੰਘ, ਕਮਲਜੀਤ ਕੌਰ, ਸੁਮਨ, ਅਮਰੀਕ ਸਿੰਘ, ਜਸਵਿੰਦਰ, ਜੋਗਿੰਦਰ ਪਾਲ ਸ਼ਰਮਾ, ਬਲਵੀਰ ਕੁਮਾਰ, ਮੋਹਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸੈਣੀ, ਨਰੇਸ਼ ਕੁਮਾਰ, ਸਤਪਾਲ ਕਨੌਜੀਆ, ਭੋਲਾ ਕਨੌਜੀਆ, ਵਰੁਣ, ਸੋਨੂੰ ਸੈਣੀ, ਅਨਿਲ, ਊਸ਼ਾ ਰਾਣੀ ਬਲਵਿੰਦਰ ਕੌਰ, ਸੁਨੀਤਾ, ਰੀਤੂ, ਪਰਮਜੀਤ ਆਦਿ ਵੀ ਹਾਜ਼ਰ ਸਨ।