ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਵੇਅਰਹਾਉਸ ਅਤੇ ਚੋਣ ਦਫਤਰ ਦੇ ਨਿਰਮਾਣ ਦੀ ਸੁਰੂਆਤ ਕਰਾਉਦੇ ਹੋਏ
ਫਤਹਿਗੜ੍ਹ ਸਾਹਿਬ, 26 ਨਵੰਬਰ : ਪੰਜਾਬ ਸਰਕਾਰ ਸਰਕਾਰੀ ਦਫਤਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਦਫਤਰਾਂ ਲਈ ਨਵੀਆਂ ਬਿਲਡਿੰਗਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਲਈ ਵੇਅਰਹਾਊਸ ਅਤੇ ਤਹਿਸੀਲਦਾਰ ਚੋਣਾਂ ਦੇ ਦਫਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ 02.85 ਕਰੋੜ ਰੁਪਏ ਦੀ ਲਾਗਤ ਨਾਲ ਇਸ ਵੇਅਰਹਾਊਸ ਅਤੇ ਤਹਿਸੀਲਦਾਰ ਚੋਣਾਂ ਦੇ ਦਫਤਰ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਦੇ ਵਿਧਾਨ ਸਭਾ ਹਲਕਾ ਬਸੀ ਪਠਾਣਾ-54, ਫਤਹਿਗੜ੍ਹ ਸਾਹਿਬ-55, ਅਤੇ ਵਿਧਾਨ ਸਭਾ ਹਲਕਾ ਅਮਲੋਹ-56 ਦੀਆਂ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸੀਨਾਂ ਸਟੋਰ ਕੀਤੀਆਂ ਜਾ ਸਕਣਗੀਆਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਤੋਂ ਬਾਅਦ ਈ.ਵੀ.ਐਮ. ਅਤੇ ਵੀ .ਵੀ. ਪੈਟ ਮਸ਼ੀਨਾਂ ਨੂੰ ਸਟੋਰ ਕਰਨ ਲਈ ਵੱਖ ਵੱਖ ਬਿਲਡਿੰਗਾਂ ਨੂੰ ਵਰਤਿਆ ਜਾਂਦਾ ਸੀ। ਜਿਸ ਵਿੱਚ ਵਾਧੂ ਸਮਾਂ ਲੱਗਦਾ ਸੀ ਅਤੇ ਹੋਰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਬਿਲਡਿੰਗ ਦੇ ਬਨਣ ਨਾਲ ਜਿੱਥੇ ਜ਼ਿਲ੍ਹੇ ਦੀਆਂ ਤਿੰਨੋ ਹਲਕਿਆਂ ਦੀਆਂ ਈ.ਵੀ.ਐਮ. ਅਤੇ ਵੀ ਵੀ ਪੈਟ ਮਸ਼ੀਨਾਂ ਇੱਕ ਥਾਂ ਤੇ ਜਮ੍ਹਾਂ ਕੀਤੀਆਂ ਜਾਣਗੀਆਂ ਅਤੇ ਨਾਲ ਹੀ ਇਨ੍ਹਾਂ ਮਸ਼ੀਨਾਂ ਦੀ ਰੱਖ ਰਖਾਵ, ਸੁਰੱਖਿਆ ਅਤੇ ਹਿਸਾਬ ਕਿਤਾਬ ਲਈ ਦਫਤਰ ਵੀ ਸਥਾਪਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਦਫਤਰੀ ਅਮਲੇ ਨੂੰ ਵੀ ਆਧੁਨਿਕ ਸਹੂਲਤਾਂ ਵਾਲਾ ਦਫਤਰ ਮਿਲੇਗਾ ਅਤੇ ਲੋਕਾਂ ਨੂੰ ਵੀ ਆਪਣੇ ਕੰਮ ਕਾਰ ਕਰਵਾਉਣ ਵਿੱਚ ਆਸਾਨੀ ਹੋਵੇਗੀ
ਇਸ ਮੌਕੇ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਸ.ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਲਡਿੰਗ ਦੀ ਉਸਾਰੀ ਲਈ ਲੋੜੀਂਦੇ ਫੰਡ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੇ ਗਏ ਹਨ। ਜਿਸ ਨਾਲ ਵੇਅਰਹਾਊਸ ਦੀ ਉਸਾਰੀ ਦੇ ਨਾਲ ਨਾਲ ਹੋਰ ਬਿਜਲੀ, ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪ੍ਰਿਤਾ ਜੌਹਲ, ਐਸ ਡੀ ਈ ਮਨਦੀਪ ਸਿੰਘ, ਏ ਈ ਸੁਰਜਨ ਸਿੰਘ, ਜ਼ੇ ਈ ਬਲਵਿੰਦਰ ਮਸੀਹ, ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ