ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ਼੍ਰੀਮਤੀ ਅਮਨੀਤ ਕੌਂਡਲ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 26 ਨਵੰਬਰ : ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਿ਼ਲ੍ਹਾ ਪੁਲਿਸ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਆਵਾਜਾਈ ਦੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿ਼ਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹੀਦੀ ਸਭਾ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਆਲੇ ਦੁਆਲੇ ਤੇ ਹੋਰ ਪ੍ਰਮੁੱਖ ਸਥਾਨਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਤਾਂ ਜੋ ਅਮਨ ਤੇ ਸ਼ਾਂਤੀ ਦਾ ਮਾਹੌਲ ਬਰਕਰਾਰ ਰਹਿ ਸਕੇ
ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਪੁਲਿਸ ਵੱਲੋਂ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੂਚਨਾ ਕੇਂਦਰ ਵੀ ਬਣਾਏ ਜਾਣਗੇ ਜਿਥੇ ਸੰਗਤਾਂ ਨੂੰ ਮੈਡੀਕਲ ਸਹੂਲਤਾਂ ਤੋਂ ਇਲਾਵਾ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦੇ ਗਸ਼ਤੀ ਦਸਤੇ ਸ਼ਹੀਦੀ ਸਭਾ ਦੌਰਾਨ ਨਿਰੰਤਰ ਗਸ਼ਤ ਕਰਨਗੇ ਅਤੇ ਪੁਲਿਸ ਦੇ ਜਵਾਨ ਘੋੜਿਆਂ ’ਤੇ ਵੀ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਮੌਜੂਦ ਰਹਿਣਗੇ। ਉਨ੍ਹਾਂ ਹੋਰ ਦੱਸਿਆ ਕਿ ਪੁਲਿਸ ਦੀਆਂ ਨਿਗਰਾਨ ਟੀਮਾਂ ਵੀ ਚੌਂਕੀਆਂ ’ਤੇ ਤਾਇਨਾਤ ਰਹਿਣਗੀਆਂ
ਜਿ਼ਲ੍ਹਾ ਪੁਲਿਸ ਮੁਖੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਦੂਜੇ ਗੇੜ ਨੂੰ ਵੇਖਦਿਆਂ ਸ਼ਹੀਦੀ ਸਭਾ ਦੌਰਾਨ ਆਉਣ ਵਾਲੀਆਂ ਸੰਗਤਾਂ ਤੇ ਲੰਗਰ ਕਮੇਟੀਆਂ ਵੱਲੋਂ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਜਿਵੇਂ ਕਿ ਨੱਕ ਤੇ ਮੂੰਹ ਨੂੰ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ, ਆਪਸ ਵਿੱਚ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕੋਵਿਡ-19 ਤੋਂ ਬਚਾਇਆ ਜਾ ਸਕੇ
ਸ਼੍ਰੀਮਤੀ ਕੌਂਡਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਸਭਾ ਦੌਰਾਨ ਕਿਸੇ ਵੀ ਇਕੱਠ ਵਾਲੇ ਸਥਾਨ ’ਤੇ ਜਾਣ ਤੋਂ ਗੁਰੇਜ ਕਰਨ ਕਿਉਂਕਿ ਪਤਾ ਨਹੀਂ ਚੱਲਦਾ ਕਿ ਨਾ-ਮੁਰਾਦ ਮਹਾਂਮਾਰੀ ਕਿਸ ਤੋਂ ਤੁਹਾਨੂੰ ਆਪਣੀ ਲਪੇਟ ਵਿੱਚ ਲੈ ਲਵੇ। ਉਨ੍ਹਾਂ ਇਹ ਵੀ ਕਿਹਾ ਕਿ ਚੰਗਾਂ ਤਾਂ ਇਹ ਹੋਵੇਗਾ ਕਿ ਸੰਗਤਾਂ ਦਸੰਬਰ ਮਹੀਨੇ ਦੀ ਸੰਗਰਾਂਦ ਤੋਂ ਜਨਵਰੀ ਮਹੀਨੇ ਦੀ ਸੰਗਰਾਂਦ ਤੱਕ, ਜੋ ਕਿ ਸੋਗ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ, ਦੇ ਕਿਸੇ ਵੀ ਦਿਨ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਕ ਹੋਣ ਤਾਂ ਜੋ 25 ਤੋਂ 27 ਦਸੰਬਰ ਨੂੰ ਜਿਆਦਾ ਇਕੱਠ ਨਾ ਹੋਵੇ
ਜਿ਼ਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੀ ਸਹੂਲਤ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧ ਵੀ ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਆਉਣ ਜਾਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪੁਲਿਸ ਹਮੇਸ਼ਾਂ ਸੰਗਤਾਂ ਦੀ ਸੇਵਾ ਲਈ ਤਤਪਰ ਹੈ ਅਤੇ ਸੰਗਤਾਂ ਨੂੰ ਵੀ ਪੁਲਿਸ ਨਾਲ ਪੂਰਨ ਸਹਿਯੋਗ ਕਰਨਾ ਚਾਹੀਦਾ ਹੈ
ਇਸ ਮੌਕੇ ਐਸ.ਪੀ. (ਐਚ) ਸ. ਹਰਪਾਲ ਸਿੰਘ, ਐਸ.ਪੀ. (ਜਾਂਚ) ਸ਼੍ਰੀ ਜਗਜੀਤ ਸਿੰਘ ਜੱਲ੍ਹਾ, ਐਸ.ਪੀ. ਨਵਰੀਤ ਸਿੰਘ ਵਿਰਕ, ਡੀ.ਐਸ.ਪੀ. ਸ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਮਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ