ਰਾਜਵੰਤ ਸਿੰਘ
- ਵੱਖ-ਵੱਖ ਜਥੇਬੰਦੀਆਂ ਨੇ ਕਿਸਾਨੀ ਘੋਲ ’ਚ ਸਮਰਥਨ ਕਰਦਿਆਂ ਕੀਤੇ ਪ੍ਰਦਰਸ਼ਨ
- ਸੜਕਾਂ ’ਤੇ ਦੌੜੀਆਂ ਪ੍ਰਾਈਵੇਟ ਬੱਸਾਂ, ਸਰਕਾਰੀ ਬੱਸਾਂ ਦੀ ਰਹੀ ਹੜਤਾਲ
- ਬੱਸਾਂ ਦੀ ਘਾਟ ਕਰਕੇ ਪਰੇਸ਼ਾਨ ਹੁੰਦੀਆਂ ਰਹੀਆਂ ਸਵਾਰੀਆਂ
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ 2020-ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਅਖਤਿਆਰ ਕੀਤੇ ਗਏ ਦਿੱਲੀ ਐਕਸ਼ਨ ਪ੍ਰੋਗਰਾਮ ਤਹਿਤ ਅੱਜ ਸੂਬੇ ਭਰ ਅੰਦਰੋਂ ਵੱਡੇ ਪੱਧਰ ’ਤੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸਦੇ ਨਾਲ 26 ਨਵੰਬਰ ਨੂੰ ਮੁਕੰਮਲ ਤੌਰ ’ਤੇ ਬੰਦ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿੱਚ ਕਈ ਜਥੇਬੰਦੀਆਂ ਵੱਲੋਂ ਭਰਵਾਂ ਸਮਰਥਨ ਕੀਤਾ ਗਿਆ ਹੈ। ਸ਼ਹਿਰ ਅੰਦਰ ਥਾਂ-ਥਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜ੍ਹਦਿਆਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ ਤੇ ਖੇਤੀ ਕਾਨੁੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ’ਤੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਰਕਰਾਂ ਤੇ ਹੈਲਪਰਾਂ ਖੰਡੇ ਵਾਲੇ ਪਾਰਕ ਵਿਖੇ ਇਕੱਠੀਆਂ ਹੋਈਆਂ। ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪਾਸ ਕੀਤੇ ਗਏ ਨਵੇਂ ਕਿਰਤ ਕਾਨੂੰਨਾਂ ਦਾ ਜੋਰਦਾਰ ਵਿਰੋਧ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਦੇਸ਼ ਪੱਧਰੀ ਹੜਤਾਲ ਕਰਨ ਵਾਲੀਆਂ ਟਰੇਡ ਯੂਨੀਅਨਾਂ ਦਾ ਸਮਰਥਨ ਕਰਦੀਆਂ ਹਨ ਅਤੇ ਮੰਗ ਕਰਦੀਆਂ ਹਨ ਕਿ ਇਹ ਨਵੇਂ ਕਿਰਤ ਕਾਨੂੰਨ ਵਾਪਸ ਲਏ ਜਾਣ। ਉਹਨਾਂ ਕਿਹਾ ਕਿ 44 ਕਿਰਤ ਕਾਨੂੰਨਾਂ ਦੀ ਥਾਂ ’ਤੇ ਸਿਰਫ 4 ਕਿਰਤ ਕਾਨੂੰਨ ਬਣਾ ਦਿੱਤੇ ਗਏ ਹਨ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਤਹਿਸੀਲਦਾਰ ਰਾਮੇਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਇੰਦਰਪਾਲ ਕੌਰ ਮੁਕਤਸਰ, ਸਰਬਜੀਤ ਕੌਰ ਕੌੜਿਆਂਵਾਲੀ, ਅੰਮਿ੍ਰਤਪਾਲ ਕੌਰ ਥਾਂਦੇਵਾਲਾ, ਸੁਖਵਿੰਦਰ ਕੌਰ ਸੰਗੂਧੌਣ, ਸੰਦੀਪ ਕੌਰ ਝੁੱਗੇ, ਚਰਨਜੀਤ ਕੌਰ ਮੁਕਤਸਰ, ਰਜਿੰਦਰ ਕੌਰ, ਪਰਮਜੀਤ ਕੌਰ, ਪਰਨੀਤ ਕੌਰ, ਮੱਧੂ ਬਾਲਾ, ਭੁਪਿੰਦਰ ਕੌਰ ਵੜਿੰਗ, ਗੁਪਿੰਦਰ ਕੌਰ ਰੁਪਾਣਾ, ਮਲਕੀਤ ਕੌਰ ਸੰਗੂਧੌਣ, ਜਸਵਿੰਦਰ ਕੌਰ ਖੁੰਡੇ ਹਲਾਲ ਤੇ ਦਵਿੰਦਰਪਾਲ ਕੌਰ ਖੁੰਡੇ ਹਲਾਲ ਆਦਿ ਮੌਜੂਦ ਸਨ।
ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਪਨਬਸ ਡਿਪੂ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੰਮਲ ਹੜ੍ਹਤਾਲ ਕੀਤੀ, ਜਿਸ ਨਾਲ ਸਵੇਰ ਤੋਂ ਸ੍ਰੀ ਮੁਕਤਸਰ ਸਾਹਿਬ ਦਾ ਬੱਸ ਸਟੈਂਡ ਖਾਲੀ ਰਿਹਾ। ਇਸ ਮੌਕੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਸੂਬਾਈ ਮੀਤ ਪ੍ਰਧਾਨ ਅੰਗਰੇਜ਼ ਸਿੰਘ ਤੇ ਪਨਬਸ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 2017 ਵਿੱਚ ਸੱਤਾ ’ਚ ਆਉਣ ਲਈ ਜੋ ਵਾਅਦੇ ਮੁਲਾਜਮਾਂ ਤੇ ਲੋਕਾਂ ਨਾਲ ਕੀਤੇ ਸਨ, ਹੁਣ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਟਾਲ ਮਟੋਲ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਆਖੀ ਸੀ, ਪਰ 13 ਸਾਲਾਂ ਤੋਂ ਕੰਨਟਰੈਕਟ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਅਜੇ ਤੱਕ ਪੱਤਾ ਨਹੀਂ ਕੀਤਾ ਗਿਆ। ਉਧਰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਵੀ ਅਕਾਲੀ ਸਰਕਾਰ ਸਮੇਂ ਬਣਾਈ ਟਰਾਂਸਪੋਰਟ ਪਾਲਿਸੀ ਰੱਦ ਕਰਨ ਦੇ ਕੀਤੇ ਵਾਅਦੇ ਨੂੰ ਵੀ ਲਾਗੂ ਕਰਨ ਵਿੱਚ ਸਰਕਾਰ ਆਨਾਕਾਨੀ ਕਰ ਰਹੀ ਹੈ, ਯੂਨੀਅਨਾਂ ਨਾਲ ਹੋਏ ਫੈਸਲੇ ਮੁਤਾਬਿਕ ਰੋਡਵੇਜ਼ ਦੀਆਂ ਬੱਸਾਂ ਪਨਬੱਸ ਦੇ ਕਰਮਚਾਰੀਆਂ ਸਮੇਤ ਰੋਡਵੇਜ਼ ਵਿੱਚ ਮਰਜ਼ ਕਰ ਦੇਣ ਦਾ ਫੈਸਲਾ ਵੀ ਲਾਗੂ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮੂਹ ਜਥੇਬੰਦੀ ’ਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਗੂਆਂ ਨਾਲ ਸਰਕਾਰਾਂ ਦੀਆਂ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਨਿਕਲੀਆਂ, ਜਿਸ ਕਾਰਨ ਰੋਡਵੇਜ਼ ਅਤੇ ਪਨਬੱਸ ਦੇ ਕਰਮਚਾਰੀਆਂ ਨੂੰ ਹੜ੍ਹਤਾਲ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਲੜੀ ਤਹਿਤ ਵੀਰਵਾਰ ਨੂੰ ਡਿਪੂ ਦੇ ਗੇਟ ਅਤੇ ਬੱਸ ਸਟੈਂਡ ’ਤੇ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਨਵੇਂ ਨਵੇਂ ਕਾਨੂੰਨ ਪਾਸ ਕਰਕੇ ਉਲਟਾ ਮੁਲਾਜ਼ਮਾਂ ’ਤੇ ਬੋਝ ਪਾ ਰਹੀ ਹੈ, ਮੁਲਾਜ਼ਮ ਵਿਰੋਧੀ ਰਵੱਈਆ ਅਪਣਾਅ ਰਹੀ ਹੈ। ਇਸ ਮੌਕੇ ਸਮੂਹ ਜਥੇਬੰਦੀ ਨੇ ਕਿਸਾਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਇਸ ਮੌਕੇ ਰੋਡਵੇਜ਼ ਅਤੇ ਪਨਬੱਸ ਦੇ ਆਗੂਆਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਮੁਲਾਜ਼ਮ ਜਥੇਬੰਦੀਆਂ ਤੇ ਆਗੂਆਂ ਨੇ ਵੀ ਸ਼ਮੂਹਲੀਅਤ ਕੀਤੀ। ਇਸ ਮੌਕੇ ਪੰਜਾਬ ਰੋਡਵੇਜ਼ ਏਟਕ ਦੇ ਅੰਗਰੇਜ਼ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਮੁਕੰਦ ਸਿੰਘ, ਗੁਰਵਿੰਦਰ ਸਿੰਘ, ਅਜੈਬ ਸਿੰਘ, ਬਲਵੀਰ ਸਿੰਘ ਅਤੇ ਓਮ ਪ੍ਰਕਾਸ਼ ਵੀ ਮੌਜੂਦ ਸਨ।
ਸਰਕਾਰੀ ਬੱਸਾਂ ਬੰਦ ਰਹਿਣ ਕਰਕੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਰਹੀ ਚਾਂਦੀ
ਸਰਕਾਰੀ ਬੱਸ ਡਿਪੂਆਂ ਵੱਲੋਂ ਅੱਜ ਚੱਕਾ ਜਾਮ ਕਰਕੇ ਇੱਕ ਦਿਨਾ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ, ਨਤੀਜਨ ਜ਼ਿਲ੍ਹੇ ਭਰ ਦੇ ਡਿਪੂਆਂ ’ਚੋਂ ਬੱਸਾਂ ਬਾਹਰ ਨਹੀਂ ਨਿਕਲੀਆਂ, ਜਦੋਂਕਿ ਬੱਸ ਅੱਡਿਆਂ ਦੇ ਬਾਹਰ ਸਿਰਫ਼ ਪ੍ਰਾਈਵੇਟ ਬੱਸਾਂ ਵੱਲੋਂ ਹੀ ਬਾਹਰ ਸੜਕਾਂ ਤੋਂ ਸਵਾਰੀਆਂ ਚੁੱਕੀਆਂ ਗਈਆਂ। ਹੜਤਾਲ ਦੇ ਚੱਲਦਿਆਂ ਸਥਾਨਕ ਬੱਸ ਸਟੈਂਡ ’ਚ ਸੰਨਾਟਾ ਰਿਹਾ ਤੇ ਟਾਂਵੀਆਂ-ਟਾਂਵੀਆਂ ਸਵਾਰੀਆਂ ਪ੍ਰਾਈਵੇਟ ਬੱਸਾਂ ਦੇ ਜ਼ਰੀਏ ਆਪਣੀਆਂ ਮੰਜ਼ਿਲਾਂ ’ਤੇ ਪੁੱਜ ਰਹੀਆਂ ਸਨ। ਇਸ ਤੋਂ ਇਲਾਵਾ ਬੱਸਾਂ ਬੰਦ ਕਰਕੇ ਸਵਾਰੀਆਂ ਦੀ ਆਮਦ ਵੀ ਅੱਡਿਆਂ ’ਤੇ ਘੱਟ ਰਹੀ ਤੇ ਈ ਰਿਕਸ਼ਾ ਵਾਲੇ ਸਾਰਾ ਦਿਨ ਸਵਾਰੀਆਂ ਵੱਲ ਤੱਕਦੇ ਰਹੇ। ਵਰਣਨਯੋਗ ਹੈ ਕਿ ਸਰਕਾਰੀ ਬੱਸਾਂ ਦੇ ਸਥਾਨਕ ਡਿਪੂ ਤੋਂ 99 ਬੱਸਾਂ ਵੱਖ-ਵੱਖ ਰੂਟਾਂ ’ਤੇ ਦੌੜਦੀਆਂ ਹਨ ਤੇ ਮੁਕੰਮਲ ਹੜਤਾਲ ਦੇ ਚੱਲਦਿਆਂ ਸਾਰੇ ਰੂਟ ਬੰਦ ਰਹੇ ਤੇ ਸਥਾਨਕ ਡਿਪੂ ਨੂੰ ਕਰੀਬ ਸਾਢੇ ਸੱਤ ਲੱਖ ਤੱਕ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਯਾਤਰੀਆਂ ਨੇ ਕਿਹਾ ‘ਸਰਕਾਰਾਂ ਦੀ ਨਾਇਨਸਾਫ਼ੀ ਦਾ ਭੁਗਤਣਾ ਪੈਂਦਾ ਹੈ ਖਾਮਿਆਜ਼ਾ’
ਸਰਕਾਰੀ ਬੱਸਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜ੍ਹਤਾਲ ਕਾਰਨ ਸਵੇਰ ਤੋਂ ਹੀ ਬੱਸਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਸਰਕਾਰੀ ਬੱਸਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਹਲਾਕਿ ਪ੍ਰਾਇਵੇਟ ਬੱਸਾਂ ਦੀ ਆਵਾਜਾਈ ਜਾਰੀ ਰਹੀ, ਪਰ ਇਸ ਹੜ੍ਹਤਾਲ ਦਾ ਖਾਮਿਆਜਾ ਆਮ ਲੋਕਾਂ ਤੇ ਮੁਸਾਫ਼ਰਾਂ ਨੂੰ ਭੁਗਤਣਾ ਪਿਆ। ਲੋਕ ਆਪਣੀਆਂ ਮੰਜ਼ਿਲਾਂ ’ਤੇ ਪਹੰੁਚਣ ਲਈ ਬੱਸਾਂ ਦੀ ਭਾਲ ’ਚ ਇੱਧਰ ਓਧਰ ਭਟਕਦੇ ਹੋਏ ਦਿਖਾਈ ਦਿੱਤੇ। ਇਸ ਸਬੰਧੀ ਜਦੋਂ ਜਲਾਲਾਬਾਦ ਦੇ ਮੁਕੰਦ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਸ਼ਹਿਰ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਆਇਆ ਸੀ, ਪਰ ਇਥੇ ਆ ਕੇ ਪਤਾ ਚੱਲਿਆ ਕਿ ਰੋਡਵੇਜ਼ ਕਾਮਿਆਂ ਵੱਲੋਂ ਹੜ੍ਹਤਾਲ ਕੀਤੀ ਗਈ ਹੈ, ਤੇ ਹੁਣ ਉਹ ਆਪਣੇ ਸ਼ਹਿਰ ਨੂੰ ਜਾਣ ਲਈ ਬੱਸ ਦੀ ਭਾਲ ਕਰਦਾ ਹੋਇਆ ਕਰੀਬ 2 ਘੰਟੇ ਤੋਂ ਇੱਧਰ ਉਧਰ ਭਟਕ ਰਿਹਾ ਹੈ।
ਇਸੇ ਤਰ੍ਹਾਂ ਅਬੋਹਰ ਵਾਸੀ ਸੀਤੋ ਬਾਈ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਨੂੰਹ ਦੀ ਦਵਾਈ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿਚੋਂ ਚੱਲਦੀ ਹੈ, ਅੱਜ ਸਵੇਰੇ ਜਦੋਂ ਉਹ ਦਵਾਈ ਲੈਣ ਲਈ ਮੁਕਤਸਰ ਪਹੁੰਚੇ ਤਾਂ ਦਵਾਈ ਲੈਣ ਤੋਂ ਬਾਅਦ, ਸ਼ਹਿਰ ਦੇ ਬੱਸ ਸਟੈਂਡ ’ਤੇ ਪਹੰੁਚੇ ਤਾਂ ਉਨ੍ਹਾਂ ਨੂੰ ਬੱਸ ਸਟੈਂਡ ਖਾਲੀ ਦਿਸਿਆ ਤੇ ਉਹ ਘਬਰਾਟ ਦੇ ਮਾਰੇ ਇੱਧਰ ਉਧਰ ਜਾਣ ਲੱਗੀ ਤਾਂ ਫਿਰ ਕਿਸੇ ਨੇ ਮੈਨੂੰ ਦੱਸ ਪਾਈ ਕਿ ਮਲੋਟ ਬਾਈਪਾਸ ਜਾਂ ਅਬੋਹਰ ਬਾਈਪਾਸ ਤੋਂ ਅਬੋਹਰ ਦੀ ਬੱਸ ਮਿਲ ਸਕਦੀ ਹੈ, ਤੇ ਹੁਣ ਈ-ਰਿਕਸ਼ੇ ’ਤੇ ਬਾਈਪਾਸ ਪਹੁੰਚ ਕੇ ਅਬੋਹਰ ਦੀ ਬੱਸ ਜਾਵਾਂਗੀ। ਕੋਟਕਪੂਰਾ ਦੇ ਬਸੰਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ, ਪਰ ਦੁਪਹਿਰ ਵੇਲੇ ਜਦੋਂ ਕੋਟਕਪੂਰਾ ਜਾਣ ਲਈ ਬੱਸ ਸਟੈਂਡ ’ਤੇ ਪਹੰੁਚਿਆਂ ਤਾਂ ਉਸ ਨੂੰ ਪਤਾ ਲੱਗਿਆ ਕਿ ਇਥੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀ ਹੜ੍ਹਤਾਲ ਚੱਲ ਰਹੀ ਹੈ, ਹੁਣ ਸਾਨੂੰ ਕੋਟਕਪੂਰਾ ਜਾਣ ਲਈ ਬੱਸ ਦੀ ਭਾਲ ਕਰਨੀ ਪਵੇਗੀ, ਜਿਸ ਨਾਲ ਸਾਡਾ ਸਮਾਂ ਵੀ ਬਰਬਾਦ ਹੋਵੇਗਾ।
ਅਨਾਜ ਮੰਡੀ ’ਚ ਨਹੀਂ ਕੀਤੀ ਗਈ ਕੋਈ ਖ਼ਰੀਦ
ਕਿਸਾਨੀ ਅੰਦੋਲਨ ਦੇ ਸਮਰਥਨ ਵਜੋਂ ਅੱਜ ਕੱਚਾ ਆੜ੍ਹਤੀਆ ਐਸੋਸ਼ੀਏਸ਼ਨ ਵੱਲੋਂ ਅਨਾਜ ਮੰਡੀ ਅੰਦਰ ਕਿਸੇ ਤਰ੍ਹਾਂ ਦੀ ਫ਼ਸਲ ਖ਼ਰੀਦ ਨਹੀਂ ਕੀਤੀ ਗਈ। ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਿੰਦਰ ਬਾਂਸਲ ਉਰਫ਼ ਬੱਬੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਪਨਾਏ ਜਾ ਰਹੇ ਰਵੱਈਏ ਦੀ ਆੜ੍ਹਤੀਆ ਵਰਗ ਵੱਲੋਂ ਹਮਾਇਤ ਕੀਤੀ ਗਈ ਹੈ, ਜਿਸ ਕਰਕੇ 26 ਤੇ 27 ਨਵੰਬਰ ਨੂੰ ਮੰਡੀ ਅੰਦਰ ਕਿਸੇ ਅਨਾਜ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ। ਅੱਜ ਪਹਿਲੇ ਦਿਨ ਮੰਡੀ ਅੰਦਰ ਕਿਸੇ ਕਿਸਾਨ ਦੀ ਫ਼ਸਲ ਨਹੀਂ ਖ਼ਰੀਦੀ ਗਈ, ਨਤੀਜਨ ਮੰਡੀ ਅੰਦਰ ਵੀ ਸੰਨਾਟਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਉਹ ਕਿਸਾਨਾਂ ਦਾ ਪੂਰਾ ਸਹਿਯੋਗ ਕਰਨਗੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਹਰ ਸੰਘਰਸ਼ ਕਰਨਗੇ।