ਅਸ਼ੋਕ ਵਰਮਾ
ਮਾਨਸਾ, 26 ਨਵੰਬਰ 2020 - ਭਾਰਤ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਗੁਰਦੁਆਰਾ ਚੌਕ ਮਾਨਸਾ ਵਿਖੇ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਦੌਰਾਨ ਇਕੱਤਰ ਹੋਏ ਲੋਕਾਂ ਨੇ ਮੋਦੀ ਅਤੇ ਸੂਬਾ ਸਰਕਾਰਾਂ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਏਟਕ ਦੇ ਆਗੂ ਦਰਸ਼ਨ ਸਿੰਘ ਪੰਧੇਰ, ਸੀਟੀਯੂ ਦੇ ਮੇਜਰ ਸਿੰਘ ਦੂਲੋਵਾਲ ਅਤੇ ਸੀਟੂ ਦੇ ਆਗੂ ਘਨਸ਼ਿਆਮ ਨਿੱਕੂ ਨੇ ਕਿਹਾ ਕਿ ਫਿਰਕੂ ਫਾਸ਼ੀਵਾਦ ਦਾ ਏਜੰਡਾ ਅਖਤਿਆਰ ਕਰ ਰਹੀ ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਕਾਲੇ ਕਾਨੂੰਨ, ਕ੍ਰਿਤ ਕਾਨੂੰਨਾਂ ਵਿੱਚ ਸੋਧਾਂ, ਅੰਦੋਲਨਕਾਰੀਆਂ ਨੂੰ ਨਕਸਲੀ ਘੋਸ਼ਿਤ ਕਰਕੇ ਆਪਣਾ ਹਿੰਦੂ ਰਾਸ਼ਟਰਵਾਦ ਥੋਪਣ ਦੇ ਰਾਹ ਪਈ ਹੋਈ ਹੈ।
ਉਹਨਾਂ ਕਿਹਾ ਕਿ ਖੇਤੀ ਕਾਨੂੰਨ, ਬਿਜਲੀ ਐਕਟ 2020, ਦੇਸ਼ ਦੇ ਮਿਹਨਤਕਸ਼ ਅਵਾਮ ਨੂੰ ਹਾਸ਼ੀਏ ਤੇ ਧੱਕਣਗੇ। ਮਹਿਜ਼ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਪਹੁੰਚਾਉਣ ਵਿੱਚ ਲੱਗੀ ਹੋਈ ਸਰਕਾਰ ਦੇਸ਼ ਦੇ ਕਿਰਤੀ, ਬੁੱਧੀਜੀਵੀ, ਵਿਦਿਆਰਥੀ ਅੰਦੋਲਨਕਾਰੀਆਂ ਤੇ ਪਰਚੇ ਦਰਜ਼ ਕਰਕੇ ਆਮ ਜਨਤਾ ਦੀ ਜੁਬਾਨ ਬੰਦੀ ਕਰਨ ਤੇ ਤੁਲੀ ਹੋਈ ਹੈ।
ਇਸ ਸਮੇਂ ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਆਗੂ ਹਰਦੇਵ ਖਿਆਲਾ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਜਿਲਾ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਮਾਸਟਰ ਗੁਰਪਿਆਰ ਕੋਟਲੀ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਕ) ਦੇ ਆਗੂ ਜਗਜੀਵਨ ਸਿੰਘ ਹਸਨਪੁਰ, ਬਿਜਲੀ ਬੋਰਡ ਦੇ ਗੁਰਬੰਤ ਸਿੰਘ, ਮੁਲਾਜਮ ਸੰਘਰਸ਼ ਕਮੇਟੀ ਦੇ ਸਿਕੰਦਰ ਘਰਾਂਗਣਾ, ਕਲਾਸ ਫੋਰ ਯੂਨੀਅਨ ਦੇ ਰਾਜ ਕੁਮਾਰ ਰੰਗਾ, ਆਂਗਨਵਾੜੀ ਯੂਨੀਅਨ ਦੇ ਅਮਨਦੀਪ ਕੌਰ, ਅਤੇ ਪੀਆਰਟੀਸੀ ਦੇ ਐਸਪੀ ਵਾਲੀਆ ਨੇ ਕਿਹਾ ਕਿ ਕਾਲੇ ਕਾਨੂੰਨਾਂ ਰਾਹੀਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਅੰਨੇਵਾਹ ਕੀਤੀਆਂ ਜਾ ਰਹੀਆਂ ਛਾਂਟੀਆਂ, ਸਨਅਤੀ ਕਾਮਿਆਂ ਤੋਂ ਬਗੈਰ ਓਵਰਟਾਈਮ 12-12 ਘੰਟੇ ਕੰਮ ਲੈਣ ਦੀਆਂ ਤਜ਼ਵੀਜ਼ਾਂ, ਠੇਕੇਦਾਰੀ ਸਿਸਟਮ ਅਧੀਨ ਆਉਂਦੇ ਕੱਚੇ ਕਾਮਿਆਂ ਨੂੰ ਰੈਗੂਲਰ ਨਾਂ ਕਰਕੇ ਦੇਸ਼ ਨੂੰ ਹਨੇਰੇ ’ਚ ਧੱਕਿਆ ਜਾ ਰਿਹਾ ਹੈ ਜਿਸਨੂੰ ਮਿਹਨਤਕਸ਼ ਕਾਮੇ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਇਸ ਸਮੇਂ ਮੋਟਰ ਕਾਰ ਮਕੈਨਿਕ ਯੂਨੀਅਨ ਦੇ ਜਿਲਾ ਆਗੂ ਕਰਨੈਲ ਸਿੰਘ, ਐਂਬੂਲੈਂਸ ਯੂਨੀਅਨ ਦੇ ਨਿਰਮਲ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਹਰਦਮ ਸਿੰਘ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜੀਤ ਸਿੰਘ ਬੋਹਾ, ਵਿਜੈ ਕੁਮਾਰ, ਪੀਐਸਐਸ ਫੈਡਰੇਸ਼ਨ ਦੇ ਮੱਖਣ ਉਡਤ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਗੁਰਵਿੰਦਰ ਸਿੰਘ, ਬੀਏਏ ਦੇ ਕੁਲਦੀਪ ਰਾਏ, ਸੀਟੀਯੂ ਦੇ ਗੁਰਪ੍ਰੀਤ ਸਿੰਘ, ਡਾ. ਅੰਬੇਦਕਰ ਰੇਹੜੀ ਯੂਨੀਅਨ ਦੇ ਦੇਸ ਰਾਜ ਬੁਢਲਾਡਾ, ਜਰਨੈਲ ਸਿੰਘ ਮਾਨਸਾ, ਟੈਕਸੀ ਆਪਰੇਟਰ ਯੂਨੀਅਨ ਦੇ ਸੁਖਦੇਵ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਗੁਰਜੰਟ ਸਿੰਘ ਨੇ ਕੀਤਾ।