ਹਰੀਸ਼ ਕਾਲੜਾ
- ਉਸਾਰੀ ਕਾਮਿਆਂ ਦੀ ਆਮਦ ਨਾਲ ਵਿਕਾਸ ਕੰਮਾਂ ਵਿੱਚ ਆਵੇਗੀ ਗਤੀ, ਠੇਕੇਦਾਰਾਂ ਨੇ ਲਿਆ ਸੁਖ ਦਾ ਸਾਹ
ਰੂਪਨਗਰ, 26 ਨਵੰਬਰ 2020 : ਜ਼ਿਲ੍ਹਾ ਰੂਪਨਗਰ ਵਿੱਚ ਵਿਕਾਸ ਦੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ, ਪੁੱਲਾਂ, ਸੜਕਾਂ ਅਤੇ ਇਮਾਰਤਾਂ ਦਾ ਨਿਰਮਾਣ ਕਰਵਾ ਰਹੇ ਠੇਕੇਦਾਰਾਂ ਨੇ ਰੇਲ ਗੱਡੀਆਂ ਚੱਲਣ ਨਾਲ ਸੁੱਖ ਦਾ ਸਾਹ ਲਿਆ ਹੈ। ਇਨ੍ਹਾ ਠੇਕੇਦਾਰਾਂ ਨੇ ਉਸਾਰੀ ਕਾਮਿਆਂ ਦੀ ਸੂਬੇ ਵਿੱਚ ਹੋ ਰਹੀ ਕਿੱਲਤ ਨਾਲ ਵਿਕਾਸ ਵਿੱਚ ਆਈ ਖੜੋਤ ਤੇ ਡੂੰਘੀ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘਦੇ ਹੋਏ ਆਪਣੇ ਆਰਥਿਕ ਨੁਕਸਾਨ ਬਾਰੇ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਹਜਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਆਉਣ ਵਾਲੇ ਪਰਵਾਸੀ ਮਜਦੂਰ ਇਨ੍ਹਾਂ ਉਸਾਰੀ ਕੰਮਾਂ ਦੀ ਰੀੜ ਦੀ ਹੱਡੀ ਬਣ ਗਏ ਹਨ।
ਰੇਲ ਗੱਡੀਆਂ ਬੰਦ ਹੋਣ ਕਾਰਨ ਦੂਜੇ ਰਾਜਾਂ ਤੋਂ ਇਨ੍ਹਾਂ ਮਜਦੂਰਾਂ ਦੀ ਆਮਦ ਬੰਦ ਸੀ ਅਤੇ ਜਿਹੜੇ ਪਰਵਾਸੀ ਮਜ਼ਦੂਰ ਮੋਜੂਦਾ ਸਮੇਂ ਵਿੱਚ ਹਨ, ਉਨ੍ਹਾਂ ਨੇ ਕਈ ਵਾਰ ਆਪਣੇ ਘਰ ਦੂਜੇ ਰਾਜਾਂ ਵਿੱਚ ਜ਼ਰੂਰੀ ਕੰਮਾਂ, ਖੁਸ਼ੀ ਅਤੇ ਗਮੀ ਦੇ ਸਮਾਗਮਾਂ ਵਿੱਚ ਜਾਣਾ ਸੀ ਜਿਸਤੋਂ ਰੇਲ ਗੱਡੀਆਂ ਬੰਦ ਹੋਣ ਕਾਰਨ ਉਹ ਖੁੰਝ ਗਏ ਅਤੇ ਇਨ੍ਹਾਂ ਮਜਦੂਰਾਂ ਵਿੱਚ ਭਾਰੀ ਨਾਮੋਸ਼ੀ ਪਾਈ ਜਾ ਰਹੀ ਸੀ। ਜਿਸ ਕਾਰਨ ਵਿਕਾਸ ਦੇ ਕੰਮਾਂ ਲਈ ਲੇਬਰ ਦੀ ਘਾਟ ਇੱਕ ਵੱਡੀ ਚੁਣੋਤੀ ਬਣ ਗਈ ਸੀ। ਪ੍ਰੰਤੂ ਹੁਣ ਜਿਵੇਂ ਹੀ ਰੇਲ ਗੱਡੀਆਂ ਦੇ ਆਉਣ ਜਾਣ ਦੀ ਖਬਰ ਨਸ਼ਰ ਹੋਈ ਤਾਂ ਇਨ੍ਹਾਂ ਉਸਾਰੀ ਕਾਮਿਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਦੂਜੇ ਰਾਜਾਂ ਤੋਂ ਆਪਣੇ ਸਾਥੀਆਂ ਨੂੰ ਬੁਲਾਉਣ ਲਈ ਚਾਰਾਜੋਈ ਕਰ ਰਹੇ ਸਨ, ਜਲਦੀ ਹੀ ਇਹ ਘਾਟ ਪੂਰੀ ਹੋ ਜਾਵੇਗੀ। ਇਸ ਨਾਲ ਸੂਬੇ ਵਿੱਚ ਵਿਕਾਸ ਦੇ ਚੱਲ ਰਹੇ ਪ੍ਰੋਜੈਕਟ ਵੀ ਠੇਕੇਦਾਰਾਂ ਵੱਲੋਂ ਸਮੇਂ ਸਿਰ ਮੁਕੰਮਲ ਕਰਵਾਏ ਜਾਣਗੇ। ਨਿੱਜੀ ਇਮਾਰਤਾਂ ਦੇ ਚੱਲ ਰਹੇ ਕੰਮਾਂ ਵਿੱਚ ਵੀ ਇਸ ਨਾਲ ਹੋਰ ਤੇਜੀ ਆਵੇਗੀ।
ਪਿੰਡ ਭਲਾਣ ਵਿੱਚ ਜਿੰਦਵੜੀ ਤੋਂ ਭਲਾਣ ਸੜਕ ਨੂੰ ਚੌੜਾ ਕਰਨ ਦੇ ਕੰਮ ਵਿੱਚ ਲੱਗੇ ਕਾਮਿਆਂ ਪ੍ਰੇਮ ਚੰਦ, ਦਲੀਪ, ਸ਼ਕੀਲ, ਸਮੋਧ, ਹੀਰਾ ਕਲੀ, ਪੁਸ਼ਪਿੰਦਰ, ਸੰਜੀਵ ਅਤੇ ਚੰਦਰਵਤੀ ਵਾਸੀ ਜਿਲਾ ਬਦਾਈਓ ਉਤਰ ਪ੍ਰਦੇਸ਼ ਨੇ ਦੱਸਿਆਂ ਕਿ ਉਹ ਆਪਣੇ ਘਰਾਂ ਨੂੰ ਦੂਜੇ ਰਾਜਾਂ ਵਿੱਚ ਜਾਣ ਅਤੇ ਉਥੋਂ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਪੰਜਾਬ ਵਿੱਚ ਬੁਲਾਉਣ ਲਈ ਰੇਲ ਗੱਡੀਆਂ ਬੰਦ ਹੋਣ ਕਾਰਨ ਅਸਮਰੱਥ ਸਨ। ਹੁਣ ਰੇਲ ਗੱਡੀਆਂ ਚੱਲ ਪੱਈਆਂ ਹਨ ਆਉਂਣ ਜਾਣ ਖੁਲ ਗਿਆ ਹੈ ਤੇ ਜਲਦੀ ਹੀ ਇਥੇ ਉਨ੍ਹਾਂ ਦੇ ਸਾਥੀ ਪੁੱਜ ਰਹੇ ਹਨ ਅਤੇ ਸਾਡੇ ਸਾਥੀਆਂ ਨੇ ਆਪਣੇ ਰਾਜਾਂ ਨੂੰ ਜਾਣਾ ਹੈ ਉਹ ਵੀ ਹੁਣ ਆਸਾਨੀ ਨਾਲ ਜਾ ਸਕਣਗੇ। ਓਸਿਸ ਕੰਸਟਰਕਸ਼ਨ ਕੰਪਨੀ ਦੇ ਠੇਕੇਦਾਰ ਅਮਿਤ ਨੇ ਦੱਸਿਆ ਕਿ ਉਸ ਨੂੰ ਆਪਣੇ ਪ੍ਰੋਜੈਕਟ ਮੁਕੰਮਲ ਕਰਨ ਲਈ ਲੇਬਰ ਕਾਮਿਆਂ ਦੀ ਜਰੂਰਤ ਹੈ ਜੋ ਰੇਲ ਗੱਡੀਆਂ ਬੰਦ ਹੋਣ ਕਾਰਨ ਬਹੁਤ ਪਰੇਸ਼ਾਨੀ ਦਾ ਆਲਮ ਪਿਛਲੇ ਦੋ ਮਹੀਨੇ ਤੋਂ ਬਣਿਆ ਹੋਇਆ ਸੀ ਉਹ ਰੇਲ ਗੱਡੀਆਂ ਚੱਲਣ ਨਾਲ ਹੁਣ ਜਲਦੀ ਹੀ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ ਅਤੇ ਸਥਿਤੀ ਆਮ ਵਰਗੀ ਬਣ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੇ ਸੂਬੇ ਦੇ ਕਿਸਾਨਾਂ ਨੇ ਰੇਲ ਗੱਡੀਆਂ ਲਈ ਰਾਹ ਖੋਲ ਕੇ ਜੋ ਫਰਾਕ ਦਿਲੀ ਦਿਖਾਈ ਹੈ ਉਸ ਨਾਲ ਸੂਬੇ ਦੇ ਹਰ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰੇਲ ਗੱਡੀਆਂ ਚੱਲਣ ਨਾਲ ਜਿੱਥੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ ਉਥੇ ਵਿਕਾਸ ਦੀ ਗੱਤੀ ਵੀ ਤੇਜ ਹੋਵੇਗੀ।