ਰਜਨੀਸ਼ ਸਰੀਨ
- ਮਾਪਿਆਂ ਨੇ ਸਰਕਾਰੀ ਸਕੂਲਾਂ ਦੀ ਆਨ-ਲਾਈਨ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀ ਸਾਕਾਰਾਤਮਕ ਪਹੁੰਚ ਦੀ ਕੀਤੀ ਤਾਰੀਫ਼
- ਸਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ-ਸ਼ਤਪ੍ਰਤੀਸ਼ਤ ਦੀ ਕਾਮਯਾਬੀ ਲਈ ਮਾਪਿਆਂ ਨੇ ਵੀ ਸਹਿਯੋਗ ਦੇਣ ਦਾ ਕੀਤਾ ਪ੍ਰਣ
ਐਸ.ਏ.ਐਸ. ਨਗਰ, 26 ਨਵੰਬਰ 2020 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਅਤੇ ਉਚੇਰੇ ਹੋ ਰਹੇ ਮਿਆਰਾਂ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ ਜਿਸ ਦੀ ਝਲਕ ਅੱਜ ਮਾਪੇ ਅਧਿਆਪਕ ਮਿਲਣੀਆਂ ਵਿੱਚ ਮਾਪਿਆਂ ਨੇ ਬਹੁਤ ਹੀ ਸੰਜੀਦਗੀ ਨਾਲ ਆਪਣੇ ਬੱਚਿਆਂ ਦੀਆਂ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਸਮੇਂ ਦੇਖਣ ਨੂੰ ਮਿਲੀ। ਸਕੱਤਰ ਸਕੂਲ ਸਿੱਖਿਆ ਵੱਲੋਂ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹੀ ਤੜਕਸਾਰ ਤੋਂ ਸੋਸ਼ਲ਼ ਮੀਡੀਆ ਰਾਹੀਂ ਟੈਕਸਟ ਸੁਨੇਹੇ ਅਤੇ ਆਡੀਓ ਮੈਸੇਜ ਭੇਜ ਕੇ ਉਤਸ਼ਾਹਿਤ ਕੀਤਾ ਗਿਆ। ਉਹਨਾਂ ਕਿਹਾ ਕਿ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਕੀਤੀ ਭਾਗੀਦਾਰੀ ਲਈ ਪਾਏ ਗਏ ਯੋਗਦਾਨ ਪ੍ਰਤੀ ਵਧਾਈ ਦੇਣ ਅਤੇ ਭਵਿੱਖ ਵਿੱਚ ਮਿਸ਼ਨ-ਸ਼ਤਪ੍ਰਤੀਸ਼ਤ ਨੂੰ ਕਾਮਯਾਬ ਬਨਾਉਣ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਹਿੱਤ ਤਿਆਰ ਕਰਨਾ ਇਹਨਾਂ ਮਾਪੇ-ਅਧਿਆਪਕ ਮਿਲਣੀਆਂ ਦਾ ਮੁੱਖ ਮਕਸਦ ਹੈ।
ਇਸਦੇ ਨਾਲ ਹੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਦਸੰਬਰ ਮਹੀਨੇ ਦੇ ਮੁਲਾਂਕਣ ਲਈ ਬੱਚਿਆਂ ਅਤੇ ਮਾਪਿਆਂ ਨੂੰ ਪਾਠਕ੍ਰਮ ਬਾਰੇ ਜਾਣਕਾਰੀ ਦੇਣੀ ਅਤੇ ਤਿਆਰੀ ਲਈ ਵਿਉਂਤਬੰਦੀ ਕਰਨਾ, ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਬੱਚਿਆਂ ਦੀ ਹੋ ਰਹੀ ਰਿਕਾਰਡ ਸ਼ਮੂਲੀਅਤ ਅਤੇ ਪੇਸ਼ਕਾਰੀਆਂ ਲਈ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਸੁਲੇਖ ਰਚਨਾ, ਅੰਗਰੇਜ਼ੀ ਬੂਸਟਰ ਕਲੱਬਾਂ ਵਿੱਚ ਹਿੱਸਾ ਲੇਣਾ, ਬਡੀ ਗਰੁੱਪਾਂ ਵਿੱਚ ਸਾਥੀ ਵਿਦਿਆਰਥੀਆਂ ਦੀ ਸਹਾਇਤਾ ਕਰਕੇ ਮਹੱਤਵਪੂਰਨ ਭੂਮਿਕ ਨਿਭਾਉਣੀ ਅਤੇ ਆਨ-ਲਾਈਨ ਜਮਾਤਾਂ ਨੂੰ ਲਗਾਤਾਰ ਟੀਵੀ, ਰੇਡੀਓ ਜਾਂ ਸਕੂਲ ਅਧਿਆਪਕ ਦੇ ਵੱਲੋਂ ਹੋਰ ਸਾਧਨਾਂ ਨੂੰ ਵਰਤ ਕੇ ਵੀਡੀਓ ਕਲਾਸਾਂ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸਕੂਲਾਂ ਵੱਲੋਂ ਸੋਸ਼ਲ਼ ਮੀਡੀਆਂ 'ਤੇ ਆਨ-ਲਾਈਨ ਅਤੇ ਸਿੱਧੇ ਰੂਪ ਵਿੱਚ ਕੀਤੀਆਂ ਗਈਆਂ ਮਾਪੇ-ਅਧਿਆਪਕ ਮਿਲਣੀਆਂ ਦੀਆਂ ਤਸਵੀਰਾਂ ਵੀ ਸੋਸ਼ਲ਼ ਮੀਡੀਆਂ 'ਤੇ ਸਾਂਝੀਆਂ ਕੀਤੀਆਂ ਗਈਆਂ। ਬਹੁਤ ਸਾਰੇ ਮਾਪਿਆਂ ਨੇ ਸੋਸ਼ਲ਼ ਮੀਡੀਆ 'ਤੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਤਾਰੀਫ ਵੀ ਕੀਤੀ ਅਤੇ ਭਵਿੱਖ ਵਿੱਚ ਮਿਸ਼ਨ-ਸ਼ਤਪ੍ਰਤੀਸ਼ਤ ਨੂੰ ਕਾਮਯਾਬ ਬਨਾਉਣ ਲਈ ਬੱਚਿਆਂ ਦੀ ਵਧੀਆ ਤਿਆਰੀ ਕਰਵਾਉਣ ਵਿੱਚ ਸਹਿਯੋਗ ਦੇਣ ਦਾ ਅਹਿਦ ਲਿਆ।