ਦੀਪਕ ਜੈਨ
ਜਗਰਾਓਂ, 26 ਨਵੰਬਰ 2020 - ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨਾਂ ਕਾਨੂੰਨ ਤੋਂ ਕਿਸਾਨ ਦੁਖੀ ਹਨ ਅਤੇ ਉਨ੍ਹਾਂ ਵਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਹੁਣ ਵਿਰੋਧ ਨੂੰ ਤਿੱਖਾ ਕਰਦਿਆਂ ਦਿੱਲੀ ਵਾਲ ਕੂਚ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੱਜ ਹਰਿਆਣੇ ਨਾਲ ਲੱਗਦੇ ਕਈ ਬਾਡਰਾਂ 'ਤੇ ਕਿਸਾਨ ਅਤੇ ਪੁਲਿਸ ਦੀ ਝੜਪ ਵੇਖਣ ਨੂੰ ਮਿਲੀ।
ਇਸ ਵਿਚਕਾਰ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਗਏ। ਮਾਣੂਕੇ ਨੇ ਕਿਹਾ ਕਿ ਪੰਜਾਬ ਜੋਕਿ ਪੂਰੇ ਦੇਸ਼ ਨੂੰ ਅਨਾਜ ਦੇ ਸਕਦਾ ਹੈ ਅਤੇ ਭੁੱਖ ਮਿਟਾ ਸਕਦਾ ਹੈ ਪਰ ਕੇਂਦਰ ਸਰਕਾਰ ਪੰਜਾਬ ਨੂੰ ਹੀ ਭੁੱਖਾ ਮਾਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਖਤਮ ਕਰਨ ਲਈ ਕੇਂਦਰ ਸਰਕਾਰ ਕਾਨੂੰਨ ਲਿਆਕੇ ਐਮ ਐਸ ਪੀ ਖਤਮ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਅੰਦੋਲਨ ਕਰ ਰਿਹਾ ਹੈ ਤਾਂ ਉਸਦਾ ਗੁਆਂਢੀ ਸੂਬਾ ਹੀ ਉਸ ਨਾਲ ਨਹੀਂ ਖੜਾ ਹੋ ਰਿਹਾ ਅਤੇ ਅੱਜ ਹਰਿਆਣਾ ਸੂਬਾ ਪੰਜਾਬ ਦੇ ਕਿਸਾਨਾਂ 'ਤੇ ਜ਼ੁਲਮ ਕਰ ਰਿਹਾ ਹੈ ਜੋ ਕਿ ਸਾਰਾ ਦੇਸ਼ ਦੇਖ ਰਿਹਾ ਹੈ। ਮਾਣੂਕੇ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੂਰੇ ਜ਼ੋਰ ਨਾਲ ਕੇਂਦਰ ਸਰਕਾਰ ਖਿਲਾਫ ਅਵਾਜ ਬੁਲੰਦ ਕੀਤੀ ਜਾਵੇ ਅਤੇ ਇਹ ਲੜਾਈ ਲੰਬੀ ਹੈ ਉਸਨੂੰ ਜ਼ੋਰ ਨਾਲ ਹੀ ਲੜਿਆ ਜਿਸ ਸਕਦਾ ਹੈ।