ਜੀ ਐਸ ਪੰਨੂ
ਪਟਿਆਲਾ, 26 ਨਵੰਬਰ 2020 - ਬਿਜਲੀ ਮੁਲਾਜ਼ਮਾਂ ਅਤੇ ਇੰਜੀਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ (ਐਨਸੀਸੀਓਈਈ) ਦੇ ਸੱਦੇ 'ਤੇ ਦੇਸ਼ ਭਰ ਦੇ 15 ਲੱਖ ਪਾਵਰ ਕਰਮਚਾਰੀਆਂ ਅਤੇ ਇੰਜੀਨੀਅਰਾਂ ਨੇ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਬਿਜਲੀ ਮੁਲਾਜ਼ਮਾਂ ਅਤੇ ਇੰਜੀਨੀਅਰਾਂ ਨੇ ਬਿਜਲੀ ਦੀ ਵੰਡ ਦਾ ਨਿੱਜੀਕਰਨ ਕਰਨ ਦੇ ਕੇਂਦਰ ਸਰਕਾਰ ਦੇ ਕਦਮ ਦਾ ਵਿਰੋਧ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਇੰਜ ਜਸਵੀਰ ਸਿੰਘ ਧੀਮਾਨ ਨੇ ਦੱਸਿਆ ਕਿ ਬਿਜਲੀ ਖੇਤਰ ਦੇ ਜਨਤਕ ਖੇਤਰਾਂ, ਖਪਤਕਾਰਾਂ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿੱਚ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ।
ਐਸੋਸੀਏਸ਼ਨ ਦੇ ਪ੍ਰਧਾਨ ਇੰਜ ਜਸਵੀਰ ਸਿੰਘ ਧੀਮਾਨ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਇਹ ਕਹਿ ਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਕਿ ਨਿੱਜੀਕਰਨ ਤੋਂ ਬਾਅਦ ਬਿਜਲੀ ਸਸਤੀ ਹੋਵੇਗੀ। ਨਿੱਜੀਕਰਨ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ ਘੱਟ 16 ਪ੍ਰਤੀਸ਼ਤ ਲਾਭ ਲੈਣ ਦੀ ਆਗਿਆ ਮਿਲ ਜਾਵੇਗੀ, ਜਿਸ ਨਾਲ ਖਪਤਕਾਰਾਂ ਲਈ ਬਿਜਲੀ ਮਹਿੰਗੀ ਹੋ ਜਾਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਬਿਜਲੀ ਸਪਲਾਈ ਵਿਚ ਸਬਸਿਡੀ ਅਤੇ ਕਰਾਸ ਸਬਸਿਡੀ ਖ਼ਤਮ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਬਿਜਲੀ ਆਮ/ਗਰੀਬ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ। ਕੇਂਦਰ ਸਰਕਾਰ ਦੁਆਰਾ ਬਿਜਲੀ ਐਕਟ 2003 ਵਿੱਚ ਇਕਤਰਫਾ ਸੋਧਾਂ ਬਿਜਲੀ ਸੈਕਟਰ ਪ੍ਰੰਬਧਾਂ ਨੂੰ ਅਤਿ ਵਿੱਤੀ ਸੰਕਟ ਵਿੱਚ ਧੱਕ ਦੇਣਗੀਆਂ ਅਤੇ ਆਮ ਲੋਕਾਂ ਨੂੰ ਵਧੇਰੇ ਦਰਾਂ ਦੇ ਬੋਝ ਦਾ ਸਾਹਮਣਾ ਕਰਨਾ ਪੈ ਜਾਵੇਗਾ।
ਇਹ ਵੀ ਦੱਸਿਆ ਗਿਆ ਕਿ ਜੇ ਬਿਜਲੀ ਦੇ ਨਿੱਜੀਕਰਨ ਲਈ ਬਿਜਲੀ (ਸੋਧ) ਬਿੱਲ, 2020 ਅਤੇ ਕੇਂਦਰ ਸਰਕਾਰ ਵੱਲੋਂ ਭੇਜਿਆ ਸਟੈਂਡਰਡ ਬਿਡਇੰਗ (Standard Bidding) ਦਸਤਾਵੇਜ਼ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਵਿਰੋਧ ਹੋਰ ਤਿੱਖਾ ਕੀਤਾ ਜਾਵੇਗਾ। ਬਿਜਲੀ ਸਹੂਲਤਾਂ ਦੀ ਕੁਸ਼ਲਤਾ ਵਧਾਉਣ ਲਈ ਉਨ੍ਹਾਂ ਸਾਰਿਆਂ ਨੂੰ ਕੇਰਲ ਦੀ ਤਰ੍ਹਾਂ ਮੁੜ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ, ਨਵੀਂ ਪੈਨਸ਼ਨ ਸਕੀਮ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਣੀ ਚਾਹੀਦੀ ਹੈ, ਸਾਰੇ ਕੰਟਰੈਕਟ ਅਤੇ ਆਮ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਖਪਤਕਾਰਾਂ ਦੀਆਂ ਸੇਵਾਵਾਂ ਵਿਚ ਸੁਧਾਰ ਲਈ ਖਾਲੀ ਅਸਾਮੀਆਂ ਨੂੰ ਨਿਯਮਤ ਰੂਪ ਵਿਚ ਭਰਨ ਲਈ ਇਕ ਨੀਤੀ ਤੁਰੰਤ ਘੋਸ਼ਿਤ ਕੀਤੀ ਜਾਵੇ ਹੈ।
ਇੰਜ ਧੀਮਾਨ ਨੇ ਦੱਸਿਆ ਕਿ ਪੀਐਸਈਬੀਈਏ ਯੂਨੀਅਨ ਸਰਕਾਰ ਦੁਆਰਾ ਰਾਜ ਦੀਆਂ ਸ਼ਕਤੀਆਂ ਨੂੰ ਖੋਹਣ ਲਈ ਬਿਜਲੀ ਐਕਟ ਵਿਚ ਇਕਪਾਸੜ ਸੋਧਾਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਸਟੈਂਡ ਦਾ ਸਵਾਗਤ ਕਰਦੀ ਹੈ [ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਾਰੇ ਇੰਜੀਨੀਅਰਾਂ ਨੇ ਕਾਲੇ ਬਿੱਲੇ ਪਹਿਨੇ ਅਤੇ ਆਪਣੇ ਮੋਬਾਈਲ ਫ਼ੋਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੇ ਅਤੇ ਰੋਸ ਪ੍ਰਦਰਸ਼ਨ ਵਜੋਂ ਰਾਜ ਭਰ ਵਿਚ ਗੇਟ ਰੈਲੀਆਂ ਕੀਤੀਆਂ ਗਈਆਂ।