ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2020 - ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਦੇ ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਗਣਿਤ ਅਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਬਾਰੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਅੱਜ ਆਨਲਾਈਨ ਸ਼ੁਰੂਆਤ ਕੀਤੀ ਗਈ। ਆਈ.ਈ.ਈ.ਈ. ਕੰਪਿਊਟਰ ਸੁਸਾਇਟੀ, ਕਿਚਨਰ ਵਾਟਰਲੂ, ਕੈਨੇਡਾ, ਮੋਰਾਕੋਨ ਸੁਸਾਇਟੀ ਆਫ਼ ਇੰਜਨੀਅਰਿੰਗ ਸਾਇੰਸਜ਼ ਐਂਡ ਟੈਕਨਾਲੋਜੀ , ਮੋਰਾਕੋ ਅਤੇ ਸਾਇੰਟਿਫ਼ਿਕ ਇਨੋਵੇਸ਼ਨ ਰਿਸਰਚ ਗਰੁੱਪ, ਈਜਿਪਟ ਦੇ ਸਹਿਯੋਗ ਨਾਲ ਇਹ ਅੰਤਰਰਾਸ਼ਟਰੀ ਕਾਨਫ਼ਰੰਸ 2628 ਨਵੰਬਰ, 2020 ਤੱਕ ਕਰਵਾਈ ਜਾ ਰਹੀ ਹੈ ਇਸ ਕਾਨਫ਼ਰੰਸ ਦਾ ਉਦੇਸ਼ ਵਿਸ਼ਵ ਭਰ ਦੇ ਖੋਜਕਰਤਾਵਾਂ ਨੂੰ ਰਿਸਰਚ ਦੇ ਨਤੀਜਿਆਂ ਦਾ ਆਦਾਨ ਪ੍ਰਦਾਨ ਕਰਨ ਅਤੇ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਦੇ ਸਾਰੇ ਪਹਿਲੂਆਂ ਦੀਆਂ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭਣ ਲਈ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨਾ ਹੈ।
ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਗਮ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਪ੍ਰੋ.(ਡਾ.) ਦੁਮਿਤਰੂ ਬਾਲੇਆਨੂ, ਪੋ੍ਰਫੈਸਰ, ਇੰਸਟੀਚਿਊਟ ਆਫ਼ ਸਪੇਸ ਸਾਇੰਸਜ਼, ਰੋਮਾਨੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਵਾਲੇਨਟੀਨਾ ਈ. ਬਾਲਾਸ, ਪ੍ਰੋਫੈਸਰ, ਆਟੋਮੇਸ਼ਨ ਐਂਡ ਅਪਲਾਈਡ ਇਨਫਾਰਮੇਟਿਕਸ, ਯੂਨੀਵਰਸਿਟੀ ਆਫ਼ ਅਰਾਧ, ਰੋਮਾਨੀਆ ਨੇ ਸ਼ਿਰਕਤ ਕੀਤੀ । ਇਸ ਮੌਕੇ ਵਿਸ਼ਵ ਦੇ ਹਰ ਕੋਨੇ ਵਿਚੋਂ ਵੱਡੀ ਗਿਣਤੀ ਵਿੱਚ ਭਾਗ ਲੈਣ ਵਾਲੇ ਵਿਗਿਆਨੀ, ਵਿਦਵਾਨ, ਰਿਸਰਚ ਸਕਾਲਰ ਅਤੇ ਵਿਦਿਆਰਥੀ ਡੈਲੀਗੇਟ ਦੇ ਤੌਰ ‘ਤੇ ਹਾਜ਼ਰ ਸਨ।
ਕਾਨਫ਼ਰੰਸ ਦੇ ਪੈਟਰਨ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਇਸ ਕਾਨਫ਼ਰੰਸ ਵਿੱਚ ਦੇਸ਼ ਵਿਦੇਸ਼ ਤੋਂ ਸ਼ਾਮਲ ਹੋਏ ਮਹਿਮਾਨਾਂ, ਪ੍ਰਸਿੱਧ ਸਖ਼ਸ਼ੀਅਤਾਂ, ਵਿਗਿਆਨੀਆਂ, ਡੈਲੀਗੇਟਾਂ ਅਤੇ ਰਿਸਰਚ ਸਕਾਲਰਾਂ ਦਾ ਨਿੱਘਾ ਸਵਾਗਤ ਕਰਦਿਆਂ ਦੱਸਿਆ ਕਿ ਬੀ.ਐਫ.ਜੀ.ਆਈ. ਦਾ ਬਾਬਾ ਫ਼ਰੀਦ ਕਾਲਜ ਰਿਸਰਚ, ਸਕਿੱਲ ਡਿਵੈਲਪਮੈਂਟ ਅਤੇ ਰੁਜ਼ਗਾਰਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨਾਂ ਨੇ ਇਸ ਕਾਨਫ਼ਰੰਸ ਦੌਰਾਨ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਜਿਵੇਂ ਰੋਮਾਨੀਆ, ਕੈਨੇਡਾ, ਮੋਰਾਕੋ, ਵੀਅਤਨਾਮ , ਅਸਟ੍ਰੇਲੀਆ, ਘਾਨਾ ਅਤੇ ਈਰਾਨ ਆਦਿ ਦੇਸ਼ਾਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਤੋਂ 23 ਤੋਂ ਵਧੇਰੇ ਸ਼ਾਮਲ ਹੋ ਰਹੇ ਪ੍ਰਮੁੱਖ ਬੁਲਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਮੁੱਖ ਮਹਿਮਾਨ ਪ੍ਰੋ.(ਡਾ.) ਦੁਮਿਤਰੂ ਬਾਲੇਆਨੂ , ਪੋ੍ਰਫੈਸਰ, ਇੰਸਟੀਚਿਊਟ ਆਫ਼ ਸਪੇਸ ਸਾਇੰਸਜ਼, ਰੋਮਾਨੀਆ ਨੇ ਆਪਣੇ ਸੰਬੋਧਨ ਦੌਰਾਨ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਨੇ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਹਿੱਸਾ ਬਣਨ ’ਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ । ਉਨਾਂ ਕਿਹਾ ਕਿ ਨਾਮਵਰ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਇਹ ਉਪਰਾਲਾ ਸਫਲ ਹੋਣ ਜਾ ਰਿਹਾ ਹੈ । ਉਨਾਂ ਨੇ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਪੂਰੀ ਟੀਮ ਨੂੰ ਅਜਿਹੀ ਗਿਆਨ ਵਰਧਕ ਕਾਨਫ਼ਰੰਸ ਦਾ ਪ੍ਰਬੰਧ ਕਰਨ ’ਤੇ ਵਧਾਈ ਦਿੱਤੀ।
ਵਿਸ਼ੇਸ਼ ਮਹਿਮਾਨ ਪ੍ਰੋ (ਡਾ.) ਵਾਲੇਨਟੀਨਾ ਈ. ਬਾਲਾਸ, ਪ੍ਰੋਫੈਸਰ, ਯੂਨੀਵਰਸਿਟੀ ਆਫ਼ ਅਰਾਧ, ਰੋਮਾਨੀਆ ਨੇ ਇਸ ਕਾਨਫ਼ਰੰਸ ਬਾਰੇ ਆਪਣੀ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨਫ਼ਰੰਸ ਤਿੰਨ ਵੱਖਰੇ ਪੱਧਰ ਦਾ ਤਜਰਬਾ ਪ੍ਰਦਾਨ ਕਰਦੀ ਹੈ । ਪਹਿਲ ਪੱਧਰ ਸਿਖਲਾਈ ਦਾ ਤਜਰਬਾ ਅਤੇ ਦੂਜਾ ਪੱਧਰ ਨੈੱਟਵਰਕਿੰਗ ਦਾ ਤਜਰਬਾ ਦਿੰਦਾ ਹੈ ਜਦੋਂ ਕਿ ਤੀਸਰਾ ਪੱਧਰ ਸਾਰੇ ਨੌਜਵਾਨ ਖੋਜਕਰਤਾਵਾਂ ਨੂੰ ਪ੍ਰੇਰਣਾਦਾਇਕ ਤਜਰਬਾ ਦਿੰਦਾ ਹੈ। ਉਨਾਂ ਨੇ ਕਿਹਾ ਕਿ ਅਜੋਕੀ ਦੁਨੀਆ ਵਿੱਚ ਮਸ਼ੀਨਾਂ ਸੋਚ ਸਕਦੀਆਂ ਹਨ ਅਤੇ ਮਨੁੱਖ ਨਾਲੋਂ ਜ਼ਿਆਦਾ ਕੰਮ ਕਰ ਸਕਦੀਆਂ ਹਨ ਜੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਕੰਪਿਊਟੇਸ਼ਨਲ ਤਕਨੀਕਾਂ ਵਿੱਚ ਹੋ ਰਹੀਆਂ ਨਵੀਨ ਤਬਦੀਲੀਆਂ ਨਾਲ ਸੰਭਵ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਕਾਨਫ਼ਰੰਸ ਦੇ ਕਨਵੀਨਰ ਡਾ. ਮਨੀਸ਼ ਬਾਂਸਲ ਅਤੇ ਪ੍ਰਬੰਧਕੀ ਸਕੱਤਰ ਡਾ. ਮੇਹਰ ਚੰਦ ਨੇ ਕਾਨਫ਼ਰੰਸ ਦੇ ਉਦੇਸ਼ ਅਤੇ ਮੰਤਵ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੋਜਕਰਤਾਵਾਂ, ਅਭਿਆਸਕਾਂ ਅਤੇ ਅਧਿਆਪਕਾਂ ਲਈ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਦੇ ਖੇਤਰ ਵਿੱਚ ਨਵੀਨ ਤਬਦੀਲੀਆਂ, ਰੁਝਾਨਾਂ, ਚਿੰਤਾਵਾਂ ਦੇ ਨਾਲ ਨਾਲ ਵਿਹਾਰਕ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਹੱਲ ਪੇਸ਼ ਕਰਨ ਅਤੇ ਵਿਚਾਰ ਵਟਾਂਦਰੇ ਸਾਂਝੇ ਕਰਨ ਲਈ ਇਹ ਅੰਤਰਰਾਸ਼ਟਰੀ ਕਾਨਫ਼ਰੰਸ ਤਿੰਨ ਦਿਨ ਤੱਕ ਚੱਲੇਗੀ । ਇਸ ਕਾਨਫ਼ਰੰਸ ਲਈ ਦੇਸ਼ ਅਤੇ ਵਿਦੇਸ਼ ਦੇ 150 ਤੋਂ ਵਧੇਰੇ ਰਿਸਰਚ ਸਕਾਲਰਾਂ ਨੇ ਆਪਣੇ ਖੋਜ ਪੱਤਰ ਭੇਜੇ ਹਨ ਜਿੰਨਾਂ ਵਿੱਚੋ ਚੁਣੇ ਗਏ 90 ਖੋਜ ਪੱਤਰ ਕਾਨਫ਼ਰੰਸ ਦੇ 3 ਦਿਨਾਂ ਦੌਰਾਨ 14 ਵੱਖ-ਵੱਖ ਸੈਸ਼ਨਾਂ ਵਿੱਚ ਪੇਸ਼ ਕੀਤੇ ਜਾਣਗੇ।
ਪਹਿਲੇ ਦਿਨ ਦੇ 4 ਵੱਖ-ਵੱਖ ਤਕਨੀਕੀ ਸੈਸ਼ਨਾਂ ਦੌਰਾਨ ਪ੍ਰੋ. (ਡਾ.) ਦੁਮਿਤਰੂ ਬਾਲੇਆਨੂ (ਇੰਸਟੀਚਿਊਟ ਆਫ਼ ਸਪੇਸ ਸਾਇੰਸਜ਼, ਰੋਮਾਨੀਆ ), ਪ੍ਰੋ. (ਡਾ.) ਵਾਲੇਨਟੀਨਾ ਈ. ਬਾਲਾਸ ( ਯੂਨੀਵਰਸਿਟੀ ਆਫ਼ ਅਰਾਧ, ਰੋਮਾਨੀਆ) , ਪ੍ਰੋ. (ਡਾ.) ਈਬੇਨੇਜ਼ਰ ਬੋਨੀਅਹ (ਯੂਨੀਵਰਸਿਟੀ ਆਫ਼ ਐਜੂਕੇਸ਼ਨ ਵਿਨੇਬਾ, ਕਾਲਜ ਆਫ਼ ਟੈਕਨਾਲੋਜੀ, ਕੁਮਾਸੀ, ਘਾਨਾ), ਪ੍ਰੋ. (ਡਾ.) ਅਨੰਦ ਨਈਅਰ (ਦੁਏ ਤਾਨ ਯੂਨੀਵਰਸਿਟੀ, ਦਾ ਨੇਗ, ਵੀਅਤਨਾਮ), ਪ੍ਰੋ. (ਡਾ.) ਰਣਬੀਰ ਸਿੰਘ ਬਾਠ ( ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ, ਭਾਰਤ ), ਪ੍ਰੋ.(ਡਾ.) ਸ਼ਿਲਪੀ ਜੈਨ (ਪੂਰਨਿਮਾ ਕਾਲਜ ਆਫ਼ ਇੰਜਨੀਅਰਿੰਗ, ਜੈਪੂਰ, ਭਾਰਤ) ਅਤੇ ਪ੍ਰੋ. (ਡਾ.) ਜੇ. ਜੇਨਕਿਨ ਵਿੰਸਟਨ (ਕਰੁਨਿਆ ਯੂਨੀਵਰਸਿਟੀ ਕੋਇੰਬਟੂਰ, ਭਾਰਤ) ਨੇ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਬਾਰੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।
ਅਖੀਰ ਵਿੱਚ ਬੀ.ਐਫ.ਜੀ.ਆਈ. ਦੇ ਡੀਨ ਰਿਸਰਚ ਡਾ. ਮਨੀਸ਼ ਗੁਪਤਾ ਨੇ ਇਸ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਸਮੂਹ ਭਾਗੀਦਾਰਾਂ, ਬੁਲਾਰਿਆਂ ਅਤੇ ਪ੍ਰਬੰਧਕੀ ਟੀਮ ਦੇ ਸਮੂਹ ਮੈਂਬਰਾਂ ਲਈ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਬੀ.ਐਫ਼.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਸਫ਼ਲ ਸ਼ੁਰੂਆਤ ਲਈ ਪ੍ਰਬੰਧਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਦਾ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਦੇ ਖੇਤਰ ਵਿੱਚ ਖੋਜ ਕਾਰਜ ਕਰ ਰਹੇ ਸਕਾਲਰਾਂ ਅਤੇ ਵਿਦਵਾਨਾਂ ਨੂੰ ਭਰਪੂਰ ਫ਼ਾਇਦਾ ਹੋਵੇਗਾ।