ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਨਵੰਬਰ 2020: ਅਮਰੀਕਾ ਵਿੱਚ ਕੋਰੋਨਾ ਦੇ ਵਧ ਰਹੇ ਕੇਸਾਂ ਕਰਕੇ ਸਰਕਾਰ ਦੁਆਰਾ ਯਾਤਰਾ ਕਰਨ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਥੈਂਕਸਗਿਵਿੰਗ ਦੇ ਨੇੜੇ ਆਉਣ ਕਰਕੇ ਦੇਸ਼ ਵਾਸੀ ਆਵਾਜਾਈ ਕਰ ਰਹੇ ਹਨ। ਇਸੇ ਸੰਬੰਧ ਵਿੱਚ ਪਿਛਲੇ ਦਿਨੀਂ ਕੋਲੋਰਾਡੋ ਸੂਬੇ ਵਿੱਚ ਡੇਨਵਰ ਦੇ ਮੇਅਰ ਵੱਲੋਂ ਲੋਕਾਂ ਨੂੰ ਯਾਤਰਾ ਨਾਂ ਕਰਕੇ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਸੀ ਪਰ ਇਸ ਤੋਂ ਬਾਅਦ ਮੇਅਰ ਮਾਈਕਲ ਬੀ. ਹੈਨਕਾਕ ਨੇ ਖੁਦ ਬੁੱਧਵਾਰ ਨੂੰ ਥੈਂਕਸਗਿਵਿੰਗ ਲਈ ਆਪਣੀ ਪਤਨੀ ਅਤੇ ਧੀ ਨੂੰ ਮਿਲਣ ਲਈ ਮਿਸੀਸਿਪੀ ਦੀ ਯਾਤਰਾ ਕੀਤੀ। ਆਪਣੀ ਇਸ ਯਾਤਰਾ ਤੋਂ ਪਹਿਲਾਂ ਮਾਈਕਲ ਨੇ ਲੋਕਾਂ ਨੂੰ ਥੈਂਕਸਗਿਵਿੰਗ ਆਪਣੇ ਘਰ ਰਹਿ ਕੇ ਹੀ ਮਨਾਉਣ ਦੇ ਨਾਲ,ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੋਰ ਸਾਵਧਾਨੀਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਸੀ ਪਰ ਮੇਅਰ ਨੇ ਆਪਣੀ ਯਾਤਰਾ ਦੇ ਸੰਬੰਧ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਸੀ। ਹੈਨਕਾਕ ਦੀ ਯਾਤਰਾ ਦੀ ਖ਼ਬਰ ਟਵਿੱਟਰ 'ਤੇ ਮਿਲੀ ਅਤੇ ਮੇਅਰ ਨੇ ਕਿਹਾ ਕਿ ਉਸਨੇ ਇਹ ਮੰਨਿਆ ਹੈ ਕਿ ਬਹੁਤ ਲੋਕ ਉਸਦੇ ਪਰਿਵਾਰ ਕੋਲ ਜਾਣ ਦੇ ਫੈਸਲੇ ਤੋਂ ਨਿਰਾਸ਼ ਹਨ, ਇਸ ਕਰਕੇ ਮੇਅਰ ਨੇ ਮਾਫੀ ਮੰਗੀ ਹੈ। ਡੇਨਵਰ ਕਾਉਂਟੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕਾਉਂਟੀ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਔਸਤ 21 ਨਵੰਬਰ ਨੂੰ 728 ਤੱਕ ਪਹੁੰਚ ਗਈ ਹੈ।ਸੀ ਡੀ ਸੀ ਨੇ ਵੀ ਲੋਕਾਂ ਨੂੰ ਘਰ ਵਿੱੱਚ ਹੀ ਛੁੱਟੀ ਬਿਤਾਉਣ ਦੀ ਸਲਾਹ ਦਿੱਤੀ ਹੈ ਜਿਸ ਨਾਲ ਕਿ ਕੋਵਿਡ -19 ਕੇਸਾਂ ਦੀ ਗਿਣਤੀ ਵਧਣ ਤੋਂ ਰੋਕੀ ਜਾ ਸਕੇ। ਰਾਜ ਦੇ ਜਨ ਸਿਹਤ ਅਤੇ ਵਾਤਾਵਰਣ ਵਿਭਾਗ ਦੇ ਅਨੁਸਾਰ, ਕੋਲੋਰਾਡੋ ਵਿੱਚ 210,000 ਤੋਂ ਵੱਧ ਲੋਕ ਵਾਇਰਸ ਤੋਂ ਪੀੜਿਤ ਹੋਏ ਹਨ ਜਦਕਿ 2500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।