ਕੁਲਵੰਤ ਸਿੰਘ ਬੱਬੂ
- ਪਿਛਲੇ ਤਿੰਨ ਦਿਨਾਂ 'ਚ 28 ਰੈਕ ਲੱਗੇ ਤੇ 12 ਦੀ ਆਮਦ ਰਸਤੇ 'ਚ
ਪਟਿਆਲਾ, 26 ਨਵੰਬਰ 2020 - ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਸੂਬੇ 'ਚ ਬਣਿਆ ਖਾਦ ਦਾ ਸੰਕਟ ਹੱਲ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦੋ ਦਿਨਾਂ 'ਚ 28 ਰੈਕ ਯੂਰੀਆ (ਪ੍ਰਤੀ ਰੈਕ 2700 ਟਨ) ਸੂਬੇ 'ਚ ਪੁੱਜ ਚੁੱਕਾ ਹੈ ਜਦਕਿ 12 ਹੋਰ ਰੈਕ ਜਲਦ ਲੱਗਣ ਵਾਲੇ ਹਨ।
ਮਾਰਕਫੈਡ ਦੇ ਸੂਬਾਈ ਅਧਿਕਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਨੂੰ ਰਬੀ ਦੀ ਬਿਜਾਈ ਲਈ 5.48 ਲੱਖ ਐਮ.ਟੀ. ਡੀਏਪੀ ਦੀ ਲੋੜ ਹੈ ਜੋ ਕਿ ਲਗਪਗ ਪੂਰਾ ਹੈ ਪਰੰਤੂ ਯੂਰੀਆ ਖਾਦ ਦੀ 13 ਲੱਖ ਐਮ.ਟੀ. ਦੀ ਸਪਲਾਈ ਲੋੜੀਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੁਲ ਲੋੜੀਂਦੀ ਸਪਲਾਈ ਵਿੱਚੋਂ ਸੂਬੇ ਕੋਲ 3.33 ਲੱਖ ਐਮ.ਟੀ. ਯੂਰੀਆ ਮੌਜੂਦ ਹੈ ਅਤੇ ਹੁਣ ਮਾਲ ਗੱਡੀਆਂ ਦੇ ਚੱਲਣ ਬਾਅਦ ਬਾਕੀ ਰਹਿੰਦੀ 70 ਫੀਸਦੀ ਤੋਂ ਵਧੇਰੇ ਸਪਲਾਈ ਅਗਲੇ ਦਿਨਾਂ ਵਿੱਚ ਪੂਰੀ ਹੋ ਜਾਵੇਗੀ।
ਜੇਕਰ ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਖਾਦ ਸਪਲਾਈ ਅਫ਼ਸਰ ਅਮਰਿੰਦਰਜੀਤ ਵਰਮਾ ਅਨੁਸਾਰ ਮਾਲ ਗੱਡੀਆਂ ਚੱਲਣ ਨਾਲ ਜ਼ਿਲ੍ਹੇ ਅੰਦਰ ਡੀਏਪੀ ਤੇ ਯੂਰੀਆ ਦੀ ਸਪਲਾਈ 'ਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਜੋ ਜ਼ਿਲ੍ਹੇ ਅੰਦਰ ਇਸ ਸਮੇਂ 17232.65 ਮੀਟਰਿਕ ਟਨ ਡੀਏਪੀ ਦੀ ਜਰੂਰਤ ਹੈ ਜਦੋਂ ਕਿ ਹੁਣ ਤੱਕ 54.68 ਫੀਸਦੀ (9422.25 ਮੀਟਰਿਕ ਟਨ) ਦੀ ਸਪਲਾਈ ਹੋ ਚੁੱਕੀ ਹੈ।
ਇਸੇ ਤਰ੍ਹਾਂ ਜ਼ਿਲ੍ਹੇ ਅੰਦਰ 35052.86 ਮੀਟਰਿਕ ਟਨ ਯੂਰੀਆ ਦੀ ਲੋੜ ਹੈ ਜਦਕਿ ਇਸ ਵਿੱਚੋਂ 11.93 ਫੀਸਦੀ 4180.8 ਐਮਟੀ ਦਾ ਸਟਾਕ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਦੋ ਰੈਕ ਪਟਿਆਲਾ ਜ਼ਿਲ੍ਹੇ ਲਈ ਮਨਜੂਰ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਰਾਜਪੁਰਾ ਵਿਖੇ ਅਤੇ ਦੂਜਾ ਰੈਕ ਨਾਭਾ ਵਿਖੇ ਲੱਗੇਗਾ, ਇਨ੍ਹਾਂ ਦੇ ਜਲਦ ਹੀ ਪੁੱਜਣ ਦੀ ਸੰਭਾਵਨਾ ਹੈ, ਇਸ ਨਾਲ ਜ਼ਿਲ੍ਹੇ ਭਰ 'ਚ ਸਪਲਾਈ ਭੇਜ ਦਿੱਤੀ ਜਾਵੇਗੀ।
ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖਾਦ ਦੀ ਆ ਰਹੀ ਸਪਲਾਈ 'ਚੋਂ 80 ਫੀਸਦੀ ਸਟਾਕ ਸਹਿਕਾਰੀ ਸਭਾਵਾਂ ਨੂੰ ਅਤੇ 20 ਫੀਸਦੀ ਸਟਾਕ ਵਪਾਰੀਆਂ ਨੂੰ ਦਿੱਤਾ ਜਾਵੇਗਾ।
ਖਾਦ ਦੇ ਕਾਰੋਬਾਰ ਨਾਲ ਸਬੰਧਤ ਇੱਕ ਵਪਾਰੀ ਬਲਵਿੰਦਰ ਸਿੰਘ ਨਾਭਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਕਿਸਾਨਾਂ ਵੱਲੋਂ ਰੇਲ ਆਵਾਜਾਈ ਖੋਲ੍ਹੇ ਜਾਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਲੋੜੀਂਦੀ ਯੂਰੀਆ ਅਤੇ ਡੀਏਪੀ ਖਾਦ ਦੀ ਕੁੱਝ ਸਮੇਂ ਲਈ ਬਣੀ ਥੋੜ੍ਹ ਹੁਣ ਦੂਰ ਹੋ ਜਾਵੇਗੀ ਕਿਉਂ ਜੋ ਯੂਰੀਆ ਅਤੇ ਡੀਏਪੀ ਦੇ ਰੁਕੇ ਹੋਏ ਰੈਕ ਲੱਗਣੇ ਸ਼ੁਰੂ ਹੋ ਜਾਣੇ ਹਨ।
ਉਨ੍ਹਾਂ ਕਿਹਾ ਕਿ ਭਾਂਵੇਂ ਉਨ੍ਹਾਂ ਵੱਲੋਂ ਜਿਮੀਂਦਾਰਾਂ ਦੀਆਂ ਬਿਜਾਈ ਲੋੜਾਂ ਨੂੰ ਪੂਰਾ ਕਰਨ ਲਈ ਦੂਸਰੇ ਸੜ੍ਹਕੀ ਸਾਧਨਾਂ ਰਾਹੀਂ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰੰਤੂ ਰੇਲਵੇ ਅਤੇ ਸੜ੍ਹਕੀ ਭਾੜੇ 'ਚ ਖਾਸਾ ਅੰਤਰ ਹੋਣ ਕਾਰਨ, ਇਸ ਵਾਧੂ ਭਾੜੇ ਦਾ ਬੋਝ ਅਖੀਰ ਨੂੰ ਕਿਸਾਨ ਸਿਰ ਹੀ ਪੈਣਾ ਸੀ, ਜੋ ਹੁਣ ਰੇਲ ਚੱਲਣ ਬਾਅਦ ਨਹੀਂ ਪਵੇਗਾ।