ਮਨਿੰਦਰਜੀਤ ਸਿੱਧੂ
ਜੈਤੋ, 27 ਨਵੰਬਰ 2020 - ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਕਾਲਜ ਕਮੇਟੀ ਦੀ ਮੀਟਿੰਗ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਹੋਈ। ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਗਗਨਦੀਪ ਦਬੜੀਖਾਨਾ ਅਤੇ ਪ੍ਰਿਯੰਕਾ ਨੇ ਦੱਸਿਆ ਕਿ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਲਈ ਕਾਲਜ ਪੂਰਨ ਤੌਰ ਤੇ ਖੁਲ੍ਹਵਾਉਣ, ਪਿਛਲੇ ਸਮੇਂ ਤੋਂ ਚਲਦੀ ਆ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ, ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ ਰੱਦ ਕਰਨ ,ਵਿਦਿਆਰਥੀਆਂ ਦੇ ਰਿਆਇਤੀ ਬੱਸ ਪਾਸ ਕਾਲਜਾਂ ਵਿੱਚ ਹੀ ਬਣਾਉਣੇ ਸ਼ੁਰੂ ਕਰਵਾਉਣ, ਚਲਦੇ ਸਮੈਸਟਰਾਂ ਦੌਰਾਨ ਵਿਦਿਆਰਥੀਆਂ ਲਈ ਐਮ.ਐਸ ਟੀ ਦੇਣਾ ਲਾਜ਼ਮੀ ਨਾ ਕਰਨ, ਕਾਂਸਟੀਚੁਐਂਟ ਕਾਲਜਾਂ ‘ਚ ਪੜ੍ਹਦੇ ਐੱਸ ਸੀ ਵਿਦਿਆਰਥੀਆਂ ਤੋਂ ਵਸੂਲਿਆ ਗਿਆ ਪੀਟੀਏ ਫੰਡ ਵਾਪਸ ਕਰਵਾਉਣ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੱਤੀ ਸੰਕਟ ਹੱਲ ਕਰਨ ਲਈ ਪੰਜਾਬ ਸਰਕਾਰ ਤੋਂ ਫ਼ੌਰੀ ਗਰਾਂਟ ਜਾਰੀ ਕਰਵਾਉਣ ਵਰਗੀਆਂ ਮੰਗਾਂ ਮਨਵਾਉਣ ਲਈ ਪਿੰਡਾਂ `ਚ ਮੁਹਿੰਮ ਚਲਾਈ ਜਾਵੇਗੀ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕਾਲਜਾਂ ਚ ਰੈਲੀਆਂ ਕੀਤੀਆਂ ਜਾਣਗੀਆਂ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਦੋਂ ਮੁਲਕ ਤੇ ਪੂਰੇ ਪੰਜਾਬ ਵਿਚ ਸਾਰੀਆਂ ਰਾਜਨੀਤਕ ,ਆਰਥਿਕ, ਸਮਾਜਿਕ ਤੇ ਧਾਰਮਿਕ ਸਰਗਰਮੀਆਂ ਚੱਲ ਰਹੀਆਂ ਹਨ ਬਿਹਾਰ ਵਿੱਚ ਚੋਣਾਂ ਹੋਈਆਂ ਹਨ ਅਤੇ ਸਕੂਲਾਂ ਨੂੰ ਵੀ ਖੋਲ੍ਹਿਆ ਜਾ ਚੁੱਕਾ ਹੈ ਤਾਂ ਕਾਲਜ ਬੰਦ ਰੱਖਣ ਦੀ ਕੋਈ ਵਜ੍ਹਾ ਨਹੀਂ ਬਣਦੀ। ਜਿੱਥੇ ਲਾਕਡਾਊਨ ਤੇ ਕੋਰੋਨਾ ਨੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੈ ਉੱਥੇ ਕੇਂਦਰ ਦੀ ਭਾਜਪਾ ਸਰਕਾਰ ਨੇ ਕੋਰੋਨਾ ਲਾਕਡਾਊਨ ਦੀ ਆੜ ਵਿਚ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਵਿਦਿਆਰਥੀਆਂ ਤੋਂ ਸਸਤੀ ਸਿੱਖਿਆ ਦੇ ਹੱਕ `ਤੇ ਡਾਕਾ ਮਾਰਿਆ ਗਿਆ ਹੈ ਅਤੇ ਪੜ੍ਹਾਈ ਪੂਰੀ ਕਰ ਚੁੱਕੇ ਨੌਜਵਾਨ ਤੋਂ ਪੱਕੇ ਰੁਜ਼ਗਾਰ ਦਾ ਹੱਕ ਖੋਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਮੁਲਾਜ਼ਮ ਆਪਣੀਆਂ ਤਨਖਾਹਾਂ ਤੇ ਹੋਰ ਸਹੂਲਤਾਂ ਲੈਣ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ ਯੂਨੀਵਰਸਿਟੀ ਦਾ 400 ਕਰੋੜ ਰੁਪਏ ਦੇ ਲਗਪਗ ਘਾਟਾ ਪੂਰਨ ਲਈ ਤੇ ਵਿਤੀ ਸੰਕਟ ਚੋਂ ਕੱਢਣ ਲਈ ਪੰਜਾਬ ਸਰਕਾਰ ਬਿਲਕੁਲ ਵੀ ਸੁਹਿਰਦਤਾ ਨਹੀਂ ਦਿਖਾ ਰਹੀ ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਕਾਲਜਾਂ ਨੂੰ ਬਚਾਉਣ ਲਈ ਵਿਦਿਆਰਥੀ ਮਾਪੇ ਅਤੇ ਅਧਿਆਪਕ ਅੱਗੇ ਆਉਣ ਤੇ ਬਣਦੀ ਭੂਮਿਕਾ ਨਿਭਾਉਣ।
ਵਿਦਿਆਰਥੀ ਆਗੂਆਂ ਨੇ ਲੋਕ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਚ ਰੈਲੀ ਕਰਨ ਲਈ ਜਾ ਰਹੇ ਕਿਸਾਨਾਂ `ਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਇਸ਼ਾਰੇ `ਤੇ ਪੁਲਿਸ ਲਾਠੀਚਾਰਜ ਕਰਨ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖ਼ਤ ਨਿਖੇਧੀ ਕੀਤੀ ।ਇਸ ਮੌਕੇ ਹਾਜਰ ਚ ਅਰਸ਼ਦੀਪ ਕੌਰ, ਸੈਂਪੀ, ਰੀਆ,ਧਰਮਪ੍ਰੀਤ,ਹਰਪ੍ਰੀਤ ਜਸਵੀਰ ਜੱਸੀ ਮੱਤਾ ਆਦਿ ਸ਼ਾਮਲ ਸਨ।