- ਵੱਖ-ਵੱਖ ਖੇਤਰਾਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਖਾਦ ਦੇ 2100 ਬੋਰੇ
- ਪੰਜਾਬ ਸਰਕਾਰ ਉਦਯੋਗਾਂ ਤੇ ਕਿਸਾਨੀ ਦੇ ਚਹੁੰਮੁਖੀ ਵਿਕਾਸ ਲਈ ਵਚਨਬੱਧ
- ਯੂਰੀਆ ਦੀ ਕੋਈ ਘਾਟ ਨਹੀਂ, ਆਉਂਦੇ ਕੁਝ ਦਿਨਾਂ ’ਚ ਸਾਰੇ ਬਲਾਕਾਂ ’ਚ ਉਪਲਬੱਧ ਹੋਵੇਗੀ ਖਾਦ
ਹੁਸ਼ਿਆਰਪੁਰ, 27 ਨਵੰਬਰ 2020 - ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅਤੇ ਕਿਸਾਨਾਂ ਵਲੋਂ ਰੇਲਾਂ ਚਲਾਉਣ ਨੂੰ ਹਰੀ ਝੰਡੀ ਦੇਣ ਦੇ ਸੂਬਾ ਪੱਖੀ ਫੈਸਲੇ ਉਪਰੰਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਖੇਤਰਾਂ ਵਿੱਚ ਯੂਰੀਆ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਜਿਸ ਤਹਿਤ ਅੱਜ ਯੂਰੀਆ ਦੇ 2100 ਬੋਰੇ ਟਾਂਡਾ, ਦਸੂਹਾ, ਮੁਕੇਰੀਆਂ ਅਤੇ ਹੁਸ਼ਿਆਰਪੁਰ ਬਲਾਕ ਦੇ ਕਿਸਾਨਾਂ ਮੁਹੱਈਆ ਕਰਵਾਏ ਗਏ ਤਾਂ ਜੋ ਉਹ ਰਬੀ ਫ਼ਸਲ ਦੀ ਬਿਜਾਈ ਸੁਚੱਜੇ ਢੰਗ ਨਾਲ ਕਰ ਸਕਣ।
ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਂਡਾ, ਦਸੂਹਾ, ਮੁਕੇਰੀਆਂ ਆਦਿ ਖੇਤਰਾਂ ਵਿੱਚ ਪਿਛਲੇ ਕਈ ਹਫਤਿਆਂ ਤੋਂ ਯੂਰੀਆ ਦੀ ਸਪਲਾਈ ਨਾਮਾਤਰ ਸੀ ਜੋ ਕਿ ਅੱਜ ਯੂਰੀਆ ਦੀਆਂ ਗੱਡੀਆਂ ਪਹੁੰਚਣ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਹੋਏ 2100 ਬੋਰਿਆਂ ਤੋਂ ਬਾਅਦ ਆਉਂਦੇ ਮੰਗਲਵਾਰ ਨੂੰ ਹੁਸ਼ਿਆਰਪੁਰ ਵਿਖੇ 2600 ਮੀਟ੍ਰਿਕ ਟਨ ਯੂਰੀਆ ਦੀ ਆਮਦ ਹੋ ਰਹੀ ਹੈ ਜਿਸ ਨਾਲ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਕਿਸਾਨਾਂ ਨੂੰ ਲੋੜੀਂਦੀ ਖਾਦ ਉਪਲਬੱਧ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਉਦਯੋਗਾਂ ਅਤੇ ਖੇਤੀਬਾੜੀ ਨੂੰ ਉਤਸ਼ਾਹਤ ਅਤੇ ਹੋਰ ਮਜ਼ਬੂਤ ਕਰਨ ਲਈ ਲਾਮਿਸਾਲ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਦੇ ਹਾਂ ਪੱਖੀ ਨਤੀਜਿਆਂ ਸਦਕਾ ਦੋਵਾਂ ਖੇਤਰਾਂ ਨੂੰ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਦਯੋਗਾਂ ਤੋਂ ਬਾਅਦ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਬਸਿਡੀ ’ਤੇ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਰੇਲ ਆਵਾਜਾਈ ਬੰਦ ਹੋਣ ਕਾਰਨ ਜ਼ਿਲ੍ਹੇ ਦੇ ਕਈ ਖੇਤਰ ਯੂਰੀਆ ਦੀ ਸਪਲਾਈ ਤੋਂ ਬਿਲਕੁੱਲ ਵਾਂਝੇ ਹੋ ਚੁੱਕੇ ਸਨ ਪਰ ਹੁਣ ਸਾਰੇ ਬਲਾਕਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਲੋੜੀਂਦੀ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਲੱਗਣ ਵਾਲੀ ਯੂਰੀਆ ਦੇ ਰੇਕ ਨਾਲ ਜ਼ਿਲ੍ਹੇ ਦੇ ਹਰ ਖੇਤਰ ਨੂੰ ਲੋੜ ਮੁਤਾਬਕ ਖਾਦ ਉਪਲਬੱਧ ਹੋ ਜਾਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੇ ਮੱਦੇਨਜ਼ਰ ਰੇਲਾਂ ਚਲਵਾਉਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੇਲ ਗੱਡੀਆਂ ਚੱਲਣ ਨਾਲ ਉਦਯੋਗਿਕ ਵਿਕਾਸ ਦੀ ਰਫ਼ਤਾਰ ਆਉਣ ਵਾਲੇ ਦਿਨਾਂ ’ਚ ਚੋਖੀ ਵਧੇਗੀ।
ਇਸੇ ਦੌਰਾਨ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਯੂਰੀਆ ਦੀ ਵਰਤੋਂ ਲੋੜ ਅਨੁਸਾਰ ਹੀ ਕਰਨ ਅਤੇ ਇਸ ਨੂੰ ਜ਼ਰੂਰਤ ਤੋਂ ਵੱਧ ਜਮ੍ਹਾਂ ਨਾ ਕੀਤਾ ਜਾਵੇ ਕਿਉਂਕਿ ਹੁਣ ਯੂਰੀਆ ਦੀ ਸਪਲਾਈ ਵਿੱਚ ਕੋਈ ਖੜੌਤ ਨਹੀਂ ਆਵੇਗੀ ਅਤੇ ਜ਼ਿਲ੍ਹੇ ਵਿੱਚ ਯੂਰੀਆ ਦੀ ਕੋਈ ਕਮੀ ਵੀ ਨਹੀਂ ਰਹੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਬੀ ਫਸਲਾਂ ਜਿਵੇਂ ਕਿ ਕਣਕ, ਗੰਨਾ ਅਤੇ ਤੇਲ ਦੇ ਬੀਜਾਂ ਵਾਲੀਆਂ ਫ਼ਸਲਾਂ ਆਦਿ ਦੀ ਬਿਜਾਈ ਦੇ ਮੱਦੇਨਜ਼ਰ ਯੂਰੀਆ ਨੂੰ ਮੁੱਢਲੀ ਲੋੜੀਂਦੀ ਮਾਤਰਾ ਵਿੱਚ ਹੀ ਵਰਤਣ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹੁਣ ਉਨ੍ਹਾਂ ਨੂੰ ਇਹ ਖਾਦ ਸਹਿਜਿਆਂ ਹੀ ਮਿਲਦੀ ਰਹੇਗੀ ਜਿਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਲੋੜਾਂ ਦੀ ਪੂਰਤੀ ਹੋ ਸਕੇ। ਉਨ੍ਹਾਂ ਦੱਸਿਆ ਕਿ ਟਾਂਡਾ, ਦਸੂਹਾ, ਮੁਕੇਰੀਆਂ ਤੋਂ ਬਾਅਦ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀਆਂ ਸਭਾਵਾਂ ਨੂੰ ਲੋੜ ਅਨੁਸਾਰ ਯੂਰੀਆ ਮੁਹੱਈਆ ਕਰਵਾ ਦਿੱਤਾ ਜਾਵੇਗਾ।