ਰਾਜਵੰਤ ਸਿੰਘ
- ਕਿਸਾਨ ਸੰਘਰਸ਼ ’ਚ ਹਰ ਵਰਗ ਨੂੰ ਸ਼ਾਮਲ ਹੋਣ ਦੀ ਅਪੀਲ
ਸ੍ਰੀ ਮੁਕਤਸਰ ਸਾਹਿਬ, 28 ਨਵੰਬਰ 2020 - ਕੇਂਦਰ ਸਰਕਾਰ ਵੱਲੋਂ ਸੂਬਿਆਂ ਦੀਆਂ ਤਾਕਤਾਂ ਨੂੰ ਆਪਣੇ ਕਬਜ਼ੇ ਹੇਠ ਕਰਨ ਤੋਂ ਲੈ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰੀ ਅਤੇ ਪ੍ਰਸ਼ਾਸਨਿਕ ਬੇਰੁਖੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਬਚਾਓ ਪੰਜਾਬ ਬਚਾਓ ਕਾਫਲੇ ਦੀ ਅਗਵਾਈ ਕਰਦਿਆਂ ਗਿਆਨੀ ਕੇਵਲ ਸਿੰਘ, ਪ੍ਰੋਫੈਸਰ ਵਿਮਲ ਪਨੋਤ, ਰਵੀ ਪ੍ਰਕਾਸ਼, ਹਮੀਰ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ ਜਖੇਪਲ, ਕਿਰਨਜੀਤ ਕੌਰ, ਸਮਸ਼ੇਰ ਸਿੰਘ ਗਿੱਦੜਬਾਹਾ, ਐਡਵੋਕਟ ਬਲਵੰਤ ਸਿੰਘ ਗਿੱਲ, ਕੁਲਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ ਪਾਲੀ, ਰਣਜੀਤ ਸਿੰਘ ਥਾਂਦੇਵਾਲਾ ਅਤੇ ਪਰਗਟ ਸਿੰਘ ਜੰਬਰ ਹੋਰਾਂ ਨੇ ਕਿਹਾ ਕਿ 72 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਆਮ ਲੋਕਾਂ ਦੀ ਕੁੱਲੀ ਗੁੱਲੀ ਜੁੱਲੀ ਦੀ ਜ਼ਰੂਰਤ ਪੂਰੀ ਨਹੀਂ ਹੋਈ ਅਤੇ ਸਾਂਝੇ ਕੰਮ ਗਲੀਆਂ-ਨਾਲੀਆਂ ਤੋਂ ਅਗਾਂਹ ਨਹੀ ਵਧੇ।
ਸਰਕਾਰਾਂ ਲੋਕਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੀ ਥਾਂ ਉਨ੍ਹਾਂ ਨੂੰ ਦਬਾਅ ਕੇ ਰਾਜ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਤਾਕਤਾਂ ਦਾ ਕੇਂਦਰੀਕਰਨ ਕਰਕੇ ਸੂਬਿਆਂ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣਾ ਚਾਹੁੰਦੀ ਹੈ, ਰੁਜ਼ਗਾਰ ਖਤਮ ਕੀਤ ਜਾ ਰਹੇ ਹਨ। ਨਿੱਜੀ ਘਰਾਣਿਆਂ ਦੇ ਹੱਥ ਸਰਕਾਰੀ ਅਦਾਰੇ ਵੇਚੇ ਜਾ ਰਹੇ ਹਨ। ਕਰੋਨਾ ਮਹਾਂਮਾਰੀ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਹੋ ਜਿਹੇ ਮਾਹੌਲ ਵਿੱਚ ਕਿਸਾਨਾਂ ਵੱਲੋਂ ਵਿੱਢਿਆ ਅੰਦੋਲਨ ਕ੍ਰਾਂਤੀ ਦਾ ਇੱਕ ਸੁਨੇਹਾ ਲੈ ਕੇ ਆਇਆ ਹੈ।
ਉਨ੍ਹਾਂ ਲੱਖਾਂ ਲੋਕਾਂ ਵੱਲੋ ਸ਼ਾਂਤਮਈ ਤਰੀਕੇ ਨਾਲ ਸਰਕਾਰੀ ਤਸ਼ੱਦਦ ਝੱਲਦਿਆਂ ਕੀਤੇ ਜਾ ਰਹੇ ਅੰਦੋਲਨ ਦੀ ਸ਼ਲਾਂਘਾ ਕਰਦਿਆਂ ਸਮਾਜ ਦੇ ਹਰ ਵਰਗ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਹ ਕਾਫਲਾ ਪੰਜਾਬ ਦੇ ਹਰ ਹਿੱਸੇ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਬਾਅਦ ਵਿੱਚ ਇਹ ਕਾਫਲਾ ਦੋਦਾ ਹੁੰਦਾ ਹੋਇਆ ਆਪਣੇ ਰੂਟ ’ਤੇ ਰਵਾਨਾ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਜ਼ਦੂਰ ਤੇ ਮੁਲਾਜ਼ਮ ਵੀ ਮੌਜੂਦ ਸਨ।