ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਨਵੰਬਰ 2020 - ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਇਸਦੀ ਲਾਗ ਦੇ ਵਧ ਰਹੇ ਮਾਮਲਿਆਂ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਾਖਲਾ ਲਗਾਤਾਰ ਜਾਰੀ ਹੈ। ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅਨੁਸਾਰ ਥੈਂਕਸਗਿਵਿੰਗ ਡੇਅ 'ਤੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ 90,000 ਤੋਂ ਵੱਧ ਹੋ ਗਈ ਹੈ ਜਦਕਿ ਹੁਣ ਲੱਗਭਗ 50 ਅਮਰੀਕੀ ਹਰ ਘੰਟੇ ਵਾਇਰਸ ਨਾਲ ਮਰ ਰਹੇ ਹਨ। 13 ਮਿਲੀਅਨ ਤੋਂ ਵੱਧ ਅਮਰੀਕੀ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਹਸਪਤਾਲ ਪਹਿਲਾਂ ਹੀ ਆਪਣੀ ਸਮਰੱਥਾ ਦੇ ਕੰਢੇ 'ਤੇ ਪਹੁੰਚ ਗਏ ਹਨ।
ਇਸ ਛੁੱਟੀ ਵਾਲੇ ਹਫ਼ਤੇ ਦੌਰਾਨ 6.5 ਮਿਲੀਅਨ ਲੋਕਾਂ ਦੇ ਉਡਾਣ ਭਰਨ ਤੋਂ ਬਾਅਦ ਵੀ ਹਸਪਤਾਲ ਮਰੀਜ਼ਾਂ ਵਿੱਚ ਵਾਧੇ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਤਕਰੀਬਨ 32 ਸੂਬਿਆਂ ਵਿੱਚ ਵਾਇਰਸ ਦੀ ਲਾਗ ਦਾ ਵਾਧਾ ਵੇਖਿਆ ਜਾ ਰਿਹਾ ਹੈ, ਜਿਹਨਾਂ ਵਿੱਚ ਪੈਨਸਿਲਵੇਨੀਆ, ਅਰਕਨਸਾਸ ਅਤੇ ਮੈਸੇਚਿਉਸੇਟਸ ਆਦਿ ਸੂਬੇ ਲਾਗ ਦਾ ਰਿਕਾਰਡ ਤੋੜ ਰਹੇ ਹਨ। ਸੀ ਡੀ ਸੀ ਅਨੁਸਾਰ ਅਸਲ ਵਿੱਚ ਯੂ ਐਸ 'ਚ ਕੇਸਾਂ ਦੀ ਗਿਣਤੀ ਸੋਚੇ ਗਏ ਅਨੁਮਾਨ ਨਾਲੋਂ ਅੱਠ ਗੁਣਾ ਜ਼ਿਆਦਾ ਹੈ ਜਦਕਿ ਇਸ ਦੌਰਾਨ ਘੱਟ ਜਾਣਕਾਰੀ ਦੇਣ, ਗਲਤ ਨਕਾਰਾਤਮਕ ਨਤੀਜਿਆਂ ਅਤੇ ਕਈ ਲੋਕ ਅਜਿਹੇ ਵੀ ਹਨ ਜਿਹਨਾਂ ਦਾ ਟੈਸਟ ਹੀ ਨਹੀਂ ਹੋਇਆ ਆਦਿ ਅਜੇ ਗਿਣਤੀ ਵਿੱਚ ਸ਼ਾਮਲ ਨਹੀਂ ਹਨ।