ਰਾਜਵੰਤ ਸਿੰਘ
- ਗੱਤਕਾ ਪਾਰਟੀਆਂ ਨੇ ਵਿਖਾਏ ਗੱਤਕੇ ਦੇ ਜੌਹਰ, ਧਾਰਮਿਕ ਰੰਗ ’ਚ ਰੰਗਿਆ ਗਿਆ ਪੂਰਾ ਸ਼ਹਿਰ
- ਥਾਂ-ਥਾਂ ’ਤੇ ਸ਼ਹਿਰ ਵਾਸੀਆਂ ਨੇ ਲਗਾਏ ਸੰਗਤਾਂ ਲਈ ਲੰਗਰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਲਗਾਈ ਹਾਜ਼ਰੀ
ਸ੍ਰੀ ਮੁਕਤਸਰ ਸਾਹਿਬ, 29 ਨਵੰਬਰ 2020 - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਾਹਿਬ ਦੇ ਗੇਟ ਨੰਬਰ 7 ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਫੁੱਲਾਂ ਨਲ ਸਜਾਈ ਗਈ ਸੁੰਦਰ ਪਾਲਕੀ ਵਿਚ ਸ਼ੁਸੌਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ ਜਦੋਂ ਕਿ ਨਗਰ ਕੀਰਤਨ ਦੇ ਅੱਗੇ-ਅੱਗੇ ਸਤਿਨਾਮ ਵਾਹਿਗਰੂ ਦਾ ਜਾਪ ਕਰਦੀ ਸੰਗਤ ਨਗਰ ਕੀਰਤਨ ਦੇ ਰਸਤੇ ਨੂੰ ਸਾਫ਼ ਕਰਦੀ ਚਲ ਰਹੀ ਸੀ।
ਇਸੇ ਦੌਰਾਨ ਗੱਤਕਾ ਪਾਰਟੀ ਖੂਹ ਸਾਹਿਬ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ’ਚ ਗੱਤਕੇ ਦੇ ਜੌਹਰ ਵਿਖਾਏ ਗਏ, ਉਥੇ ਹੀ ਫਤਿਹ ਬੈਂਡ ਪਾਰਟੀ ਬਠਿੰਡਾ ਵੱਲੋਂ ਬੈਂਡ ਦੀਆਂ ਧੁੰਨਾਂ ਨਾਲ ਧਾਰਮਿਕ ਮਾਹੌਲ ਬੰਨ੍ਹਿਆ। ਇਸੇ ਦੇ ਨਾਲ ਹੀ ਅਕਾਲ ਅਕੈਡਮੀ ਸਕੂਲ ਦੇ ਵਿਦਿਆਰਥੀਆਂ ਵਲੋਂ ਵੀ ਸਕੂਲੀ ਬੈਂਡ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਸੰਗਤ ਬੀਬੀਆਂ ਵੱਲੋਂ ਨਗਰ ਕੀਰਤਨ ਦੇ ਅੱਗੇ ਸਫਾਈ ਵੀ ਕੀਤੀ ਜਾਂਦੀ ਰਹੀ। ਇਹ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਨੰ:7 ਤੋ ਸ਼ੁਰੂ ਹੋ ਕੇ ਮਲੋਟ ਰੋਡ ਨੇੜੇ ਮੰਗੇ ਦਾ ਪੰਪ ਦੇ ਨਾਲ ਜਗਮੀਤ ਸਿੰਘ ਬਰਾੜ ਵਾਲੀ ਗਲੀ ਤੋਂ ਸ਼ੇਰ ਸਿੰਘ ਚੌਂਕ ਤੋਂ ਅਬੋਹਰ ਰੋਡ, ਘਾਹ ਮੰਡੀ ਚੌਂਕ, ਬੈਂਕ ਰੋਡ, ਮਸੀਤ ਚੌਂਕ, ਰੇਲਵੇ ਰੋਡ, ਮਲੋਟ ਰੋਡ ਚੌਂਕ ਤੋਂ ਹੁੰਦਾ ਹੋਇਆ ਵਾਪਿਸ ਗੇਟ ਨੰਬਰ 7 ਵਿਖੇ ਪੁੱਜ ਕੇ ਸੰਪੰਨ ਹੋਇਆ। ਨਗਰ ਕੀਰਤਨ ਦੇ ਚੱਲਣ ਤੋਂ ਪਹਿਲਾਂ ਹੈਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਨੇ ਅਰਦਾਸ ਕੀਤੀ, ਜਿਸ ਤੋਂ ਬਾਅਦ ਨਗਰ ਕੀਰਤਨ ਵੱਖ-ਵੱਖ ਪੜਾਆਂ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੌਰਾਨ ਭਾਈ ਗੁਰਜੀਤ ਸਿੰਘ ਰਾਗੀ ਜਥਾ ਤੇ ਭਾਈ ਜਤਿੰਦਰ ਸਿੰਘ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਬਾਬਾ ਮਨਜੀਤ ਸਿੰਘ ਖੂਹ ਸਾਹਿਬ ਵਾਲੇ, ਬਾਬਾ ਜਸਪਾਲ ਸਿੰਘ, ਬਾਬਾ ਜੀਵਨ ਸਿੰਘ ਬਠਿੰਡਾ ਰੋਡ ਵਾਲਿਆਂ ਨੇ ਜਥਿਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਥਾਂ-ਥਾਂ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ। ਥਾਂ-ਥਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਤੇ ਸੰਗਤਾਂ ਦਾ ਵਿਸ਼ੇਸ਼ ਸਵਾਗਤ ਵੀ ਕੀਤਾ ਜਾਂਦਾ ਰਿਹਾ।
ਇਸ ਤੋਂ ਇਲਾਵਾ ਪੁਲਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਖ਼ਾਸ ਇੰਤਜ਼ਾਮ ਵੀ ਕੀਤੇ ਗਏ। ਇਸ ਮੌਕੇ ਸੁਮੇਰ ਸਿੰਘ ਮੈਨੇਜਰ, ਬਲਦੇਵ ਸਿੰਘ ਮੀਤ ਮੈਨੇਜਰ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਸਰਪੰਚ ਪੂਰਨ ਸਿੰਘ ਲੰਡੇਰੋਡੇ, ਜਗਵੰਤ ਸਿੰਘ ਲੰਬੀ ਸਰਪ੍ਰਸਤ ਦਿਹਾਤੀ ਸ੍ਰੀ ਮੁਕਤਸਰ ਸਾਹਿਬ, ਮਨਜੀਤ ਸਿੰਘ ਰਿਕਾਰਡ ਕੀਪਰ, ਨਿਰਮਲ ਸਿੰਘ ਰਿਕਾਰਡ ਕੀਪਰ, ਚਾਨਣ ਸਿੰਘ ਇੰਚਾਰਜ, ਮਨਦੀਪ ਸਿੰਘ, ਦੇਸ ਰਾਜ, ਗੁਰਮੀਤ ਸਿੰਘ ਖ਼ਜ਼ਾਨਚੀ, ਕੁਲਵੰਤ ਸਿੰਘ ਅਕਾਊਂਟੈਂਟ, ਭੁਪਿੰਦਰ ਸਿੰਘ ਇੰਚਾਰਜ ਲੰਗਰ, ਚਰਨਜੀਤ ਸਿੰਘ ਚੰਨੂ, ਬਾਬਾ ਬਲਵਿੰਦਰ ਸਿੰਘ ਹੈਡ ਗ੍ਰੰਥੀ, ਬਾਬਾ ਗੁਰਮੇਲ ਸਿੰਘ, ਧਰਮਿੰਦਰ ਸਿੰਘ ਸਮੇਤ ਇਲਾਕੇ ਦੀ ਸੰਗਤ ਨੇ ਹਾਜ਼ਰੀ ਲਗਾਈ। ਇਸ ਮੌਕੇ ਹਰਨੇਕ ਸਿੰਘ ਨੇਕੀ ਵੱਲੋਂ ਨਗਰ ਕੀਰਤਨ ਦੇ ਅੱਗੇ-ਅੱਗੇ ਫੁੱਲਾਂ ਦੀ ਵਰਖ਼ਾ ਕੀਤੀ ਗਈ।