ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2020 - ਲੋਕ ਮੋਰਚਾ ਪੰਜਾਬ ਨੇ ਆਪਣੇ ਹੱਕੀ ਸੰਘਰਸ਼ ਤਹਿਤ ਦਿੱਲੀ ਜਾ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਦਾਗਣ, ਕੁੱਟਮਾਰ ਕਰਨ ਅਤੇ ਲਾਠੀਚਾਰਜ ਨੂੰ ਲੋਕਤੰਤਰ ਦਾ ਗਲਾ ਘੁੱਟਣਾ ਕਰਾਰ ਦਿੱਤਾ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਪ੍ਰੈਸ ਦੇ ਨਾਂਅ ਬਿਆਨ ’ਚ ਇਸ ਵਿਹਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਕਾਬੰਦੀ ਨੇ ਦੁਨੀਆਂ ਦੀ ਸਭ ਤੋਂ ਵੱਡੀ ਅਖਵਾਉਂਦੀ ਜਮਹੂਰੀਅਤ ਦਾ ਜਾਬਰ ਕਿਰਦਾਰ ਅਤੇ ਭਾਜਪਾ ਸਰਕਾਰ ਦਾ ਸਾਮਰਾਜੀ-ਕੰਪਨੀਆਂ ਤੇ ਕਾਰਪੋਰੇਟਾਂ ਪ੍ਰਤੀ ਵਫਾਦਾਰ-ਵਿਹਾਰ ਹੋਰ ਉਘਾੜ ਦਿੱਤਾ ਹੈ।
ਉਹਨਾਂ ਆਖਿਆ ਕਿ ਜੋਸ਼ ਤੇ ਜਬਤ ਦੇ ਸੁਮੇਲ ਅਤੇ ਹਰਿਆਣਾ ਦੇ ਲੋਕਾਂ ਕੋਲੋਂ ਮਿਲੇ ਸਹਿਯੋਗ ਦੇ ਜੋਰ ਨਾਕੇ ਭੰਨ ਕੇ ਦਿੱਲੀ ਪਹੁੰਚੇ ਕਿਸਾਨਾਂ ਤੇ ਨੌਜਵਾਨਾਂ ਦੇ ਜੱਥਿਆਂ ਨੇ ਸਰਕਾਰਾਂ ਦਾ ਲੋਕਾਂ ਨੂੰ ਡੱਕ ਲੈਣ ਦਾ ਭਰਮ ਤੋੜਿਆ ਹੈ ਅਤੇ ਹੱਠ ਤੇ ਕਰਾਰੀ ਸੱਟ ਮਾਰੀ ਹੈ। ਕਿਸਾਨਾਂ ਤੇ ਨੌਜਵਾਨਾਂ ਦੇ ਹੌਂਸਲੇ,ਉਤਸ਼ਾਹ ਅਤੇ ਅਨੁਸ਼ਾਸ਼ਨ ਨੂੰ ਦਾਦ ਦਿੰਦਿਆਂ ਉਹਨਾਂ ਕਿਹਾ ਹੈ ਕਿ ਇਹ ਅਜਿਹੀ ਜੋਰਾਵਰ ਸ਼ਕਤੀ ਹੈ ਜਿਹੜੀ ਜੰਗ ਦੌਰਾਨ ਦੁਸ਼ਮਣ ਦੇ ਵਾਰਾਂ ਦਾ ਮੂੰਹ ਮੋੜ ਦਿੰਦੀ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਜਦੋਂ ਤੋਂ ਆਰਡੀਨੈਂਸ ਲਿਆੲਂ ਹੈ ਉਦੋਂ ਤੋਂ ਹੀ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਹੁਣ ਮੁਲਕ ਪੱਧਰੀ ਸੱਦੇ ਤੇ ਰੋਸ ਪ੍ਰਗਟਾਉਣ ਲਈ ਦਿੱਲੀ ਜਾਣਾ ਸੀ ਤਾਂ ਭਾਜਪਾਈ ਸਰਕਾਰਾਂ ਵੱਲੋਂ ਸਾਰੇ ਰਾਹਾਂ ਦੀ ਨਾਕੇਬੰਦੀ ਕਰਕੇ ਹੰਕਾਰੀ ਤੇ ਧੱਕੜ ਵਿਹਾਰ ਦਾ ਪ੍ਰਗਟਾਵਾ ਕੀਤਾ ਹੈ ਖਾਸ ਤੌਰ ਤੇ ਹਰਿਆਣਾ ਸਰਕਾਰ ਨੇ ਮੁੱਖ ਸੜਕਾਂ ਤੇ ਟੋਏ ਪੱਟ ਕੇ ਅਕਲ ਦਾ ਜਨਾਜਾ ਕਢਵਾ ਲਿਆ ਹੈ।